ਚੰਡੀਗੜ੍ਹ,ਕੈਪਟਨ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕਰਨ ਲਈ ਸੱਦੀ ਸਰਬ ਪਾਰਟੀ ਮੀਟਿੰਗ ਅੱਜ ਫੇਲ੍ਹ ਹੋ ਗਈ। ਹਾਕਮ ਧਿਰ ਕਾਂਗਰਸ ਦੇ ਸੱਤ ਸੰਸਦ ਮੈਂਬਰਾਂ ਵਿੱਚੋਂ ਕੇਵਲ ਤਿੰਨ ਅਤੇ ਆਮ ਆਦਮੀ ਪਾਰਟੀ ਤੋਂ ਬਾਗੀ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਸਣੇ ਕੁਨ ਚਾਰ ਸੰਸਦ ਮੈਂਬਰ ਹੀ ਮੀਟਿੰਗ ਵਿੱਚ ਪਹੁੰਚੇ। 16 ਸੰਸਦ ਮੈਂਬਰ ਮੀਟਿੰਗ ਵਿਚ ਨਹੀਂ ਆਏ।
ਕਾਂਗਰਸ ਪਾਰਟੀ ਦੇ ਤਿੰਨ ਸੀਨੀਅਰ ਰਾਜ ਸਭਾ ਮੈਂਬਰ ਅੰਬਿਕਾ ਸੋਨੀ, ਪ੍ਰਤਾਪ ਸਿੰਘ ਬਜਾਵਾ, ਸ਼ਮਸ਼ੇਰ ਸਿੰਘ ਦੂਲੋ ਮੀਟਿੰਗ ਵਿੱਚ ਇਸ ਕਰਕੇ ਨਹੀਂ ਆਏ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਵਿਚ ਨਹੀਂ ਸੀ ਆਉਣਾ। ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਸੰਸਦ ਦੀ ਸਥਾਈ ਕਮੇਟੀ ਦੀ ਮੀਟਿੰਗ ਵਿਚ ਹਿੱਸਾ ਲੈਣ ਦੇ ਬਹਾਨੇ ਸੂਬੇ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪਹਿਲਾਂ ਤੋਂ ਲਏ ਸਟੈਂਡ ਮੁਤਾਬਕ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ।
ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਮੀਟਿੰਗ ਵਿਚ ਨਾ ਆ ਕੇ ਰਾਜਨੀਤਕ ਗਲਤੀ ਕੀਤੀ ਹੈ। ਉਨ੍ਹਾਂ ਨੇ ਸੂਬੇ ਦੇ ਮਸਲੇ ਜਾਨਣ ਦਾ ਅਹਿਮ ਮੌਕਾ ਗੁਆ ਦਿੱਤਾ ਹੈ। ਮੀਟਿੰਗ ਵਿਚ ਪੰਜਾਬ ਸਿਰ ਚੜ੍ਹੇ ਕਰਜ਼ੇ, ਕੇਂਦਰ ਵੱਲੋਂ ਪਹਾੜੀ ਸੂਬਿਆਂ ਨੂੰ ਟੈਕਸ ਰਿਆਇਤਾਂ ਦੇਣ ਸਮੇਤ 26 ਅਹਿਮ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਉਹ ਇਸ ਮੀਟਿੰਗ ਵਿਚ ਸ਼ਾਮਲ ਹੁੰਦੇ ਤਾਂ ਉਨ੍ਹਾਂ ਨੂੰ ਇਕੱਠੇ ਹੋ ਕੇ ਸੰਸਦ ਵਿਚ ਮੁੱਦੇ ਉਠਾਉਣ ਵਿੱਚ ਮਦਦ ਮਿਲਣੀ ਸੀ ਜਿਸ ਦਾ ਸੂਬੇ ਨੂੰ ਫਾਇਦਾ ਹੋ ਸਕਦਾ ਸੀ।
ਇਹ ਪੁੱਛੇ ਜਾਣ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਪ੍ਰਤੀ ਖੁਦ ਹੀ ਸੰਜੀਦਾ ਨਹੀਂ ਸਨ ਦੇ ਜਵਾਬ ਵਿਚ ਕਾਂਗਰਸ ਦੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਜਿਥੇ ਵਿਰੋਧੀ ਪਾਰਟੀਆਂ ਦੀ ਸੋਚ ਖਤਮ ਹੁੰਦੀ ਹੈ,ਉਥੋਂ ਕੈਪਟਨ ਦੀ ਸੋਚ ਸ਼ੁਰੂ ਹੁੰਦੀ ਤੇ ਉਨ੍ਹਾਂ ਨੇ ਹਰੇਕ ਮਸਲੇ ਬਾਰੇ ਕੇਂਦਰ ਸਰਕਾਰ ਨੂੰ ਪੱਤਰ ਲਿਖੇ ਹਨ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਨੇ ਹੀ ਅੱਜ ਦੀ ਮੀਟਿੰਗ ਸੱਦੀ ਸੀ ਤੇ ਇਸ ਕਰਕੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਮੀਟਿੰਗ ਵਿਚ ਨਾ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਮੀਟਿੰਗ ਆਪਣੇ ਮਕਸਦ ਵਿਚ ਸਫਲ ਰਹੀ ਹੈ।
ਇਕ ਕਾਂਗਰਸੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਮੀਟਿੰਗ ਵਿਚ ਆਉਣਾ ਚਾਹੀਦਾ ਸੀ, ਭਾਵੇਂ ਉਹ ਕੁਝ ਸਮੇਂ ਬਾਅਦ ਚਲੇ ਜਾਂਦੇ। ਖੁਦ ਮੀਟਿੰਗ ਸੱਦ ਕੇ ਨਾ ਆਉਣਾ ਠੀਕ ਨਹੀਂ। ਇਕ ਹੋਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੈਲਫ ਗੋਲ ਕਰ ਲਿਆ ਹੈ।
‘ਰਾਜਨੀਤੀ ਦੀ ਭੇਟ ਚੜ੍ਹੀ ਮੀਟਿੰਗ’
ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਅੰਤਰ ਪਾਰਟੀ ਅਤੇ ਵਿਰੋਧੀ ਪਾਰਟੀਆਂ ਦੀ ਰਾਜਨੀਤੀ ਦੀ ਭੇਂਟ ਚੜ੍ਹ ਗਈ। ਮੀਟਿੰਗ ਚੌਤਰਫੇ ਸੰਕਟ ਵਿਚ ਘਿਰੇ ਪੰਜਾਬ ਨੂੰ ਬਾਹਰ ਕੱਢਣ ਵਿਚ ਮਦਦਗਾਰ ਸਾਬਤ ਹੋਣੀ ਸੀ। ਪੰਜਾਬ ਨੂੰ ਸੰਕਟ ਵਿੱਚੋਂ ਕੱਢਣ ਲਈ ਹੋਰ ਮੀਟਿੰਗਾਂ ਕਰਨ ਦੀ ਲੋੜ ਹੈ। ਦੱਖਣੀ ਸੂਬਿਆਂ ਦੇ ਮੁੱਖ ਮੰਤਰੀ ਸੰਸਦ ਦੇ ਹਰੇਕ ਸੈਸ਼ਨ ਤੋਂ ਪਹਿਲਾਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਕਰਦੇ ਹਨ ਤੇ ਸੰਸਦ ਮੈਂਬਰ ਉਹ ਮਾਮਲੇ ਸੰਸਦ ਵਿਚ ਉਠਾ ਕੇ ਹੱਲ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਕਾਲੀ ਭਾਜਪਾ ਸਰਕਾਰ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੀਟਿੰਗ ਸੱਦਣ ਲਈ ਚਿੱਠੀ ਲਿਖੀ ਸੀ ਪਰ ਉਨ੍ਹਾਂ ਨੇ ਮੀਟਿੰਗ ਨਹੀਂ ਸੱਦੀ। ਉਨ੍ਹਾਂ ਨੇ ਇਸ ਸਾਲ 21 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਸੀ ਕਿ ਸੰਸਦ ਦੇ ਹਰੇਕ ਸੈਸ਼ਨ ਤੋਂ ਪਹਿਲਾਂ ਮੀਟਿੰਗ ਸੱਦੀ ਜਾਵੇ ਤੇ ਉਨ੍ਹਾਂ ਨੇ ਮੀਟਿੰਗ ਸੱਦ ਕੇ ਚੰਗਾ ਕਦਮ ਚੁੱਕਿਆ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਸੌੜੀ ਸਿਆਸਤ ਨੂੰ ਪਾਸੇ ਰੱਖ ਕੇ ਸੂਬੇ ਦੇ ਹਿੱਤਾਂ ਲਈ ਮੀਟਿੰਗ ਵਿਚ ਆਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਨਰਾਜ਼ ਚਲ ਰਹੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਪੰਜਾਬ ਭਵਨ ਆਏ ਸਨ ਤੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਚਲੇ ਗਏ। ਉਨ੍ਹਾਂ ਦਾ ਲੜਕਾ ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਹੈ।