ਚੰਡੀਗੜ੍ਹ, 15 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਨਾਲ ਸਬੰਧਤ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਸੱਦੀ ਗਈ ਪਲੇਠੀ ਮੀਟਿੰਗ ’ਤੇ ਖ਼ਤਰੇ ਦੇ ਬੱਦਲ ਛਾ ਗਏ ਹਨ। ਵਿਰੋਧੀ ਪਾਰਟੀਆਂ ਪਹਿਲਾਂ ਹੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕਰ ਚੁੱਕੀਆਂ ਹਨ ਤੇ ਮੀਟਿੰਗ ਵਿੱਚੋਂ ਮੁੱਖ ਮੰਤਰੀ ਦੇ ਖ਼ੁਦ ਗ਼ੈਰਹਾਜ਼ਰ ਹੋਣ ਕਰਕੇ ਸੱਤਾਧਾਰੀ ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਦੇ ਆਸਾਰ ਵੀ ਮੱਧਮ ਹਨ।
ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਭਲਕੇ ਮੁੱਖ ਮੰਤਰੀ ਦੀ ਥਾਂ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਕੈਪਟਨ ਦੀ ਗ਼ੈਰਹਾਜ਼ਰੀ ਕਰਕੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕਰ ਦਿੱਤਾ ਹੈ।  ਉਨ੍ਹਾਂ ਕਿਹਾ,‘ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੰਨੇ ਦੀ ਕੀਮਤ ਵਧਾਉਣ ਸਮੇਤ ਹੋਰ ਕਈ ਅਹਿਮ ਮੁੱਦੇ ਵਿਚਾਰਨੇ ਸਨ ਅਤੇ ਜੇ ਮੁੱਖ ਮੰਤਰੀ ਹੀ ਮੀਟਿੰਗ ਵਿੱਚ ਨਹੀਂ ਆ ਰਿਹਾ ਤਾਂ ਇਸ ਵਿੱਚ ਹਾਜ਼ਰੀ ਭਰਨ ਦੀ ਕੋਈ ਤੁਕ ਨਹੀਂ।’ ਯਾਦ ਰਹੇ ਕਿ ਮੀਟਿੰਗ ਦੌਰਾਨ ਸੂਬੇ ਦੇ ਕੇਂਦਰ ਸਰਕਾਰ ਨਾਲ ਸਬੰਧਤ ਮੁੱਦਿਆਂ ਬਾਰੇ ਚਰਚਾ ਕੀਤੀ ਜਾਣੀ ਹੈ ਤਾਂ ਕਿ ਇਨ੍ਹਾਂ ਨੂੰ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਉਠਾਇਆ ਜਾ ਸਕੇ। ਮੀਟਿੰਗ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਮੀਟਿੰਗ ਵਿੱਚੋਂ ਗੈਰਹਾਜ਼ਰ ਰਹਿਣ ਦਾ ਫੈਸਲਾ ਕੀਤਾ ਹੈ। ਇਸ ਲਈ ਸਾਰੇ ਸੰਸਦ ਮੈਂਬਰਾਂ ਦੀ ਥਾਂ ਇਹ ਮੀਟਿੰਗ ਕਾਂਗਰਸ ਸੰਸਦ ਮੈਂਬਰਾਂ ਤਕ ਸੀਮਤ ਹੋ ਗਈ ਹੈ ਤੇ ਹੁਣ ਇਹ ਮੈਂਬਰ ਵੀ ਮੀਟਿੰਗ ਵਿੱਚੋਂ ਕਿਰਨੇ ਸ਼ੁਰੂ ਹੋ ਗਏ ਹਨ।
ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਮੀਟਿੰਗ ਨੂੰ ਚੰਗੀ ਪਹਿਲਕਦਮੀ ਦੱਸਦਿਆਂ ਕਿਹਾ ਕਿ ਇਸ ਵਿੱਚ ਮੁੱਖ ਮੰਤਰੀ ਨੂੰ ਸ਼ਿਰਕਤ ਕਰਨੀ ਚਾਹੀਦੀ ਸੀ। ਮੁੱਖ ਮੰਤਰੀ ਦੇ ਗ਼ੈਰਹਾਜ਼ਰ ਰਹਿਣ ਦੀ ਸੂਰਤ ਵਿੱਚ ਉਹ ਵੀ ਮੀਟਿੰਗ ਵਿੱਚ ਨਹੀਂ ਆਉਣਗੇ। ਉਧਰ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੰਸਦ ਦੀ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲੈਣਾ ਕਰਕੇ ਉਹ ਵੀ ਮੀਟਿੰਗ ਚੋਂ ਗੈਰਹਾਜ਼ਰ ਰਹਿਣਗੇ। ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਦੇ ਵੀ ਮੀਟਿੰਗ ਵਿੱਚ ਆਉਣ ਦੇ ਆਸਾਰ ਮੱਧਮ ਹਨ। ਗੁਰਦਾਸਪੁਰ ਸੰਸਦੀ ਹਲਕੇ ਦੇ ਮੈਂਬਰ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਮੀਟਿੰਗ ’ਚ ਸ਼ਿਰਕਤ ਕਰਨਗੇ, ਭਾਵੇਂ ਕਿ ਉਨ੍ਹਾਂ ਨੇ ਅਜੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਣੀ ਹੈ। ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਤੇ ਪ੍ਰੋ.ਸਾਧੂ ਸਿੰਘ ਗੈਰਹਾਜ਼ਰ ਹੋਣਗੇ, ਪਰ ਪਾਰਟੀ ਤੋਂ ਦੂਰੀ ਬਣਾ ਚੁੱਕੇ ਪਟਿਆਲਾ ਤੋਂ ਸੰਸਦ ਮੈਂਬਰ ਡਾ.ਧਰਮਵੀਰ ਗਾਂਧੀ ਸ਼ਾਮਲ ਹੋਣਗੇ। ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸੰਸਦ ਮੈਂਬਰ ਪ੍ਰੋ.ਹਰਿੰਦਰ ਸਿੰਘ ਖਾਲਸਾ ਦੇ ਮੀਟਿੰਗ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਖ਼ਦਸ਼ਾ ਬਰਕਰਾਰ ਹੈ।
ਮੀਟਿੰਗ ਵਿੱਚ ਸਰਹੱਦੀ ਇਲਾਕੇ ਨਾਲ ਸਬੰਧਤ ਮਸਲੇ, ਪਸ਼ੂ ਪਾਲਣ, ਡੇਅਰੀ, ਦਸਵੀਂ ਦੇ ਵਿਦਿਆਰਥੀਆਂ ਦੀ ਵਜ਼ੀਫਾ ਸਕੀਮ, ਸਕਿਲ ਡਿਵੈਲਪਮੈਂਟ ਸਕੀਮ, ਰਾਜਪੁਰਾ ਮੁਹਾਲੀ ਰੇਲਵੇ ਲਾਈਨ ਲਈ ਜ਼ਮੀਨ ਐਕੁਆਇਰ ਕਰਨ, ਝੋਨੇ ਦੀ ਪਰਾਲੀ ਨੂੰ ਸਾੜਨ ਸਮੇਤ ਦੋ ਦਰਜਨ ਤੋਂ ਵੱਧ ਮੁੱਦੇ ਵਿਚਾਰੇ ਜਾਣੇ ਹਨ। ਰਾਜ ਨਾਲ ਸਬੰਧਤ ਸੰਸਦ ਮੈਂਬਰਾਂ ਦੀ ਇਹ ਪਲੇਠੀ ਮੀਟਿੰਗ ਪਹਿਲਾਂ 6 ਨਵੰਬਰ ਨੂੰ ਹੋਣੀ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਿਮਾਚਲ ਪ੍ਰਦੇਸ਼ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਹੋਣ ਕਰਕੇ ਮੀਟਿੰਗ ਦੀ ਤਰੀਕ 14 ਨਵੰਬਰ ਕਰ ਦਿੱਤੀ ਗਈ ਸੀ, ਪਰ ਹੁਣ ਇਸ ਨੂੰ ਮੁੜ ਬਦਲ ਕੇ 15 ਨਵੰਬਰ ਕਰ ਦਿੱਤਾ ਗਿਆ ਹੈ। ਮੀਟਿੰਗ ਭਲਕੇ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਪੰਜਾਬ ਭਵਨ ਵਿੱਚ ਹੋਵੇਗੀ।

ਅਕਾਲੀਆਂ ਵੱਲੋਂ ਮੀਟਿੰਗ ਦੇ ਬਾਈਕਾਟ ਦਾ ਐਲਾਨ
ਪਟਿਆਲਾ, ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਪ੍ਰਤੀ ਸੰਜੀਦਗੀ ਤੇ ਅਹਿਮ ਮੁੱਦਿਆਂ ਪ੍ਰਤੀ ਗੰਭੀਰਤਾ ਨਾ ਵਿਖਾਉਣ ਕਰਕੇ ਭਲਕੇ ਰਾਜ ਨਾਲ ਸਬੰਧਤ ਸੰਸਦ ਮੈਂਬਰਾਂ ਦੀ ਪਲੇਠੀ ਮੀਟਿੰਗ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜ ਵਾਰ ਮੀਟਿੰਗ ਨੂੰ ਟਾਲਣ ਪਿੱਛੋਂ ਮੁੱਖ ਮੰਤਰੀ ਹੁਣ ਕੈਬਨਿਟ ਮੰਤਰੀ ਨੂੰ ਪ੍ਰਧਾਨਗੀ ਲਈ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਪਾਣੀਆਂ ਦੇ ਵਿਵਾਦ ਤੇ ਕਿਸਾਨੀ ਸਮੇਤ ਹੋਰ ਕਈ ਅਹਿਮ ਮੁੱਦੇ ਮੁੱਖ ਮੰਤਰੀ ਨਾਲ ਵਿਚਾਰਨੇ ਸਨ, ਪਰ ਜਦੋਂ ਮੁੱਖ ਮੰਤਰੀ ਹੀ ਇਨ੍ਹਾਂ ਨੂੰ ਵਿਚਾਰਨ ਲਈ ਸੰਜੀਦਾ ਨਹੀਂ ਤਾਂ ਅਜਿਹੀ ਮੀਟਿੰਗ ’ਚ ਜਾਣ ਦੀ ਕੋਈ ਤੁਕ ਨਹੀਂ। ਉਨ੍ਹਾਂ ਹੋਰਨਾਂ ਪਾਰਟੀਆਂ ਨੂੰ ਵੀ ਮੀਟਿੰਗ ਦੇ ਬਾਈਕਾਟ ਦੀ ਅਪੀਲ ਕੀਤੀ।