ਸੰਗਰੂਰ, ਸ਼ਹਿਰ ਦੇ 22 ਸਾਲਾ ਨੌਜਵਾਨ ਅੰਮ੍ਰਿਤ ਸਿੰਘ ਦਾ ਰੋਮਾਨੀਆ ਵਿੱਚ ਕਤਲ ਹੋ ਗਿਆ ਹੈ। ਉਹ ਕਰੀਬ ਡੇਢ ਸਾਲ ਪਹਿਲਾਂ ਪੜ੍ਹਾਈ ਲਈ ਰੋਮਾਨੀਆ ਗਿਆ ਸੀ। ਉਸ ਦੀ ਦੇਹ ਭਾਰਤ ਭੇਜਣ ਲਈ ਕਰੀਬ ਸੱਤ ਲੱਖ ਰੁਪਏ ਦਾ ਖ਼ਰਚਾ ਦੱਸਿਆ ਗਿਆ ਹੈ। ਪੀੜ੍ਹਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤ ਸਿੰਘ ਦੀ ਮ੍ਰਿਤਕ ਦੇਹ ਲਿਆਉਣ ਵਾਸਤੇ ਪ੍ਰਧਾਨ ਮੰਤਰੀ ਰਿਲੀਫ਼ ਫੰਡ ’ਚੋਂ ਪੈਸਿਆਂ ਦਾ ਪ੍ਰਬੰਧ ਕੀਤਾ ਜਾਵੇ। ਫਰੀਦ ਨਗਰ ਦੇ ਵਸਨੀਕ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਤਾਇਨਾਤ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਪੁੱਤਰ ਅੰਮ੍ਰਿਤ ਸਿੰਘ 23 ਜਨਵਰੀ 2017 ਨੂੰ ਮਾਰਕੀਟਿੰਗ ਦਾ ਕੋਰਸ ਕਰਨ ਲਈ ਰੋਮਾਨੀਆ ਗਿਆ ਸੀ ਜੋ ਕਿ ਬੁਖਾਰੈਸਟ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਸੀ। ਉਸ ਨੇ ਦੱਸਿਆ ਕਿ 6 ਮਈ ਨੂੰ ਸਵੇਰੇ ਉਸ ਦੇ ਵੱਡੇ ਪੁੱਤਰ ਮਨਜੀਤ ਦੇ ਫੇਸਬੁੱਕ ਅਕਾਊਂਟ ’ਤੇ ਮੈਸੇਜ ਆਇਆ ਕਿ ਉਸ ਦਾ ਛੋਟਾ ਭਰਾ ਅੰਮ੍ਰਿਤ ਕਿਸੇ ਸੰਕਟ ਵਿੱਚ ਹੈ ਅਤੇ ਸ਼ਾਮ ਨੂੰ ਫੋਨ ਆਇਆ ਕਿ ਅੰਮ੍ਰਿਤ ਦੀ ਮੌਤ ਹੋ ਗਈ ਹੈ। ਪੁਲੀਸ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਅੰਮ੍ਰਿਤ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗਿਆ ਹੈ ਅਤੇ ਉਸ ਦੇ ਸਿਰ ਦੇ ਪਿਛਲੇ ਹਿੱਸੇ ’ਚ ਜ਼ਖ਼ਮ ਹਨ।