ਚੰਡੀਗੜ੍ਹ, 17 ਮਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਸੜਕੀ ਪ੍ਰਾਜੈਕਟਾਂ ਨੂੰ ਕੌਮੀ ਰਾਜ ਮਾਰਗ ਐਲਾਨਣ ਤੋਂ ਇਲਾਵਾ ਸੂਬੇ ਦੇ 13 ਸੜਕੀ ਪ੍ਰਾਜੈਕਟਾਂ ਨੂੰ ਭਾਰਤਮਾਲਾ ਯੋਜਨਾ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕੇਂਦਰੀ ਸੜਕੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਦਖ਼ਲ ਦੀ ਮੰਗ ਕੀਤੀ ਹੈ।
ਇਹ 13 ਸੜਕੀ ਪ੍ਰਾਜੈਕਟ 436.48 ਕਿਲੋਮੀਟਰ ਲੰਮੇ ਅਤੇ 1737.20 ਕਰੋੜ ਰੁਪਏ ਦੀ ਲਾਗਤ ਵਾਲੇ ਹਨ। ਇਨ੍ਹਾਂ ਵਿੱਚ ਲੁਧਿਆਣਾ-ਹੰਬੜਾਂ-ਸਿੱਧਵਾਂ ਬੇਟ-ਧਰਮਕੋਟ-ਕੋਟ ਈਸੇ ਖਾਂ (70 ਕਿ.ਮੀ), ਪਾਤੜਾਂ-ਮੂਨਕ (24 ਕਿ.ਮੀ), ਫਿਲੌਰ-ਨਗਰ-ਰਾਹੋਂ (31.50 ਕਿ.ਮੀ), ਮੋਰਿੰਡਾ-ਕਾਇਨੌਰ-ਰੋਪੜ (18.03 ਕਿ.ਮੀ), ਪੱਖੋਂ ਕੈਂਚੀਆਂ-ਭਗਤਾ ਭਾਈਕਾ (35 ਕਿ.ਮੀ) ਅਬੋਹਰ-ਹਨੂੰਮਾਨਗੜ੍ਹ (21 ਕਿ.ਮੀ), ਕੋਹਾੜ-ਸਾਹਨੇਵਾਲ-ਡੇਹਲੋਂ-ਪੱਖੋਵਾਲ ਤੋਂ ਦਾਖਾ-ਬਰਨਾਲਾ (63.35 ਕਿ.ਮੀ), ਭਵਾਨੀਗੜ੍ਹ-ਸਮਾਣਾ (23 ਕਿ.ਮੀ), ਸਮਰਾਲਾ-ਪਾਇਲ-ਰਾੜਾ-ਜਗਾੜਾ (40.38 ਕਿ.ਮੀ), ਅੰਮ੍ਰਿਤਸਰ- ਫਤਹਿਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ (45.75 ਕਿ.ਮੀ), ਬਟਾਲਾ-ਕਾਦੀਆਂ (15.50 ਕਿ.ਮੀ) , ਲੰਬੀ-ਗਿੱਦੜਬਾਹਾ (16.75 ਕਿ.ਮੀ) ਅਤੇ ਫਿਰੋਜ਼ਪੁਰ-ਫ਼ਰੀਦਕੋਟ 31.22 ਕਿ.ਮੀ ਸ਼ਾਮਲ ਹਨ। ਜਿਹੜੇ 7 ਸੜਕੀ ਪ੍ਰੋਜੈਕਟਾਂ ਨੂੰ ਨਵੇਂ ਕੌਮੀ ਰਾਜ ਮਾਰਗ ਐਲਾਨਣ ਬਾਰੇ ਮੁੱਖ ਮੰਤਰੀ ਨੇ ਪੱਤਰ ਲਿਖਿਆ ਹੈ, ਉਨ੍ਹਾਂ ਵਿੱਚ ਪਟਿਆਲਾ-ਪਾਤੜਾਂ-ਮੂਨਕ (90 ਕਿ.ਮੀ), ਲਾਂਡਰਾਂ-ਸਰਹਿੰਦ (32 ਕਿ.ਮੀ), ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ (40 ਕਿ.ਮੀ), ਬਿਆਸ-ਮਹਿਤਾ-ਬਟਾਲਾ (35 ਕਿ.ਮੀ), ਲੁਧਿਆਣਾ-ਮੱਤੇਵਾੜਾ-ਰਾਹੋਂ (23 ਕਿ.ਮੀ), ਕਪੂਰਥਲਾ-ਨਕੋਦਰ-ਨੂਰਮਹਿਲ-ਫਿਲੌਰ (66 ਕਿ.ਮੀ) ਤੇ ਕਪੂਰਥਲਾ-ਕਰਤਾਰਪੁਰ-ਕਿਸ਼ਨਗੜ੍ਹ-ਆਦਮਪੁਰ (35 ਕਿ.ਮੀ) ਸ਼ਾਮਲ ਹਨ।
ਮੁੱਖ ਮੰਤਰੀ ਨੇ ਐੱਨ ਐੱਚ-64 ’ਤੇ ਭਵਾਨੀਗੜ੍ਹ ਕਸਬੇ ਵਿੱਚ 250 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਪੁਲ ਦੇ ਨਿਰਮਾਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਵੀ ਸ੍ਰੀ ਗਡਕਰੀ ਨੂੰ ਬੇਨਤੀ ਕੀਤੀ ਹੈ।
ਕੈਪਟਨ ਨੇ ਆਪਣੇ ਪੱਤਰ ਵਿੱਚ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦਾ ਸੰਪਰਕ 800 ਕਰੋੜ ਰੁਪਏ ਦੀ ਲਾਗਤ ਨਾਲ ਆਰਥਿਕ ਗਲਿਆਰੇ ਨਾਲ ਜੋੜਨ ਦਾ ਵੀ ਮੁੱਦਾ ਉਠਾਇਆ। ਕੇਂਦਰ ਸਰਕਾਰ ਭਾਰਤਮਾਲਾ ਯੋਜਨਾ ਤਹਿਤ ਆਰਥਿਕ ਗਲਿਆਰਿਆਂ, ਅੰਤਰ-ਗਲਿਆਰਿਆਂ ਤੇ ਫੀਡਰ ਰੂਟਾਂ ਨੂੰ ਵਿਕਸਤ ਕਰ ਰਹੀ ਹੈ। ਪੰਜਾਬ ਸੂਬੇ ਵਿੱਚ ਅਜਮੇਰ-ਲੁਧਿਆਣਾ-ਆਰਥਿਕ ਗਲਿਆਰਾ ਜੋ ਮਾਲੇਰਕੋਟਲਾ-ਸੰਗਰੂਰ-ਸਨਾਮ-ਮੂਨਕ ਵਿੱਚੋਂ ਦੀ ਗੁਜ਼ਰਦਾ ਹੈ, ਨੂੰ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗਲਿਆਰੇ ਨੂੰ ਮੰਡੀ ਗੋਬਿੰਦਗੜ੍ਹ ਨਾਲ ਜੋੜੇ ਜਾਣ ਨਾਲ ਸਟੀਲ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ। ਮੁੱਖ ਮੰਤਰੀ ਨੇ ਸੂਬੇ ਵਿੱਚ ਨੈਸ਼ਨਲ ਹਾਈਵੇਜ਼ ਦੇ ਚਾਰਮਾਰਗੀ ਪ੍ਰੋਜੈਕਟ ਲਾਗੂ ਕਰਨ ਦਾ ਕੰਮ ਪੀਡਬਲਿਊਡੀ ਨੂੰ ਦਿੱਤੇ ਜਾਣ ਦੀ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ।