ਕੁਆਲਾਲੰਪੁਰ, 15 ਜਨਵਰੀ
ਭਾਰਤੀ ਬੈਡਮਿੰਟਨ ਸਟਾਰ ਕਿਦੰਬੀ ਸ੍ਰੀਕਾਂਤ ਅਤੇ ਸਾਇਨਾ ਨੇਹਵਾਲ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਮਲੇਸ਼ੀਆ ਓਪਨ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਰਾਹੀਂ ਸੈਸ਼ਨ ਦੀ ਸ਼ੁਰੂਆਤ ਕਰਨਗੇ। ਦੁਨੀਆਂ ਦੇ ਅੱਠਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਪਿਛਲੇ ਸੈਸ਼ਨ ਵਿੱਚ 2017 ਦੀ ਤਰ੍ਹਾਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਪ੍ਰੀਮੀਅਰ ਬੈਡਮਿੰਟਨ ਲੀਗ ਵਿੱਚ ਹਾਲਾਂਕਿ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਟੀਮ ਦੀ ਖ਼ਿਤਾਬੀ ਜਿੱਤ ਦਾ ਸੂਤਰਧਾਰ ਰਿਹਾ। ਉਹ ਸੈਸ਼ਨ ਦੇ ਪਹਿਲੇ ਮੈਚ ਵਿੱਚ ਬੁੱਧਵਾਰ ਨੂੰ ਹਾਂਗਕਾਂਗ ਦੇ ਐਂਗ ਕਾ ਲੋਂਗ ਏਂਗਜ਼ ਨਾਲ ਖੇਡੇਗਾ। ਦੂਜੇ ਪਾਸੇ ਸਾਇਨਾ ਨੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਦੂਜਾ ਸੋਨਾ ਜਿੱਤਿਆ ਅਤੇ ਏਸ਼ਿਆਈ ਖੇਡਾਂ ਅਤੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਹ ਇੰਡੋਨੇਸ਼ੀਆ ਮਾਸਟਰਜ਼, ਡੈਨਮਾਰਕ ਓਪਨ ਅਤੇ ਸੈਯਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ਦੇ ਫਾਈਨਲ ਤੱਕ ਪਹੁੰਚੀ। ਉਹ ਮਹਿਲਾ ਵਰਗ ਦੇ ਪਹਿਲੇ ਗੇੜ ਵਿੱਚ ਹਾਂਗਕਾਂਗ ਦੀ ਡੇਂਗ ਜੋਏ ਸ਼ੁਆਨ ਨਾਲ ਖੇਡੇਗੀ। ਇਸ ਦੌਰਾਨ ਬੀ ਸਾਈ ਪ੍ਰਣੀਤ ਨੇ ਟੂਰਨਾਮੈਂਟ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ। ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦਾ ਸਾਹਮਣਾ ਚੀਨ ਦੇ ਯੂ ਸ਼ੂਆਂਗ ਅਤੇ ਰੇਨ ਸ਼ਿਆਂਗਯੂ ਨਾਲ ਹੋਵੇਗਾ।
ਮਹਿਲਾ ਡਬਲਜ਼ ਵਿੱਚ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਦਾ ਤਗ਼ਮਾ ਜੇਤੂ ਅਸ਼ਵਨੀ ਪੋਨੱਪਾ ਅਤੇ ਐਨ ਸਿੱਕੀ ਰੈਡੀ ਦੀ ਟੱਕਰ ਹਾਂਗਕਾਂਗ ਦੀ ਐਂਗ ਟੀ ਯਾਓ ਅਤੇ ਯੁਆਨ ਸਿਨ ਯਿੰਗ ਨਾਲ ਹੋਵੇਗੀ, ਜਦਕਿ ਮਿਕਸਡ ਡਬਲਜ਼ ਵਿੱਚ ਸਾਤਵਿਕ ਅਤੇ ਅਸ਼ਵਨੀ ਦਾ ਸਾਹਮਣਾ ਇੰਗਲੈਂਡ ਦੇ ਬੇਨ ਲੇਨ ਅਤੇ ਜੇਸਿਕਾ ਪੀ ਨਾਲ ਹੋਵੇਗਾ।