ਜਲੰਧਰ,  ਅਪਰਾਧਕ ਸਰਗਰਮੀਆਂ ’ਚ ਸੋਸ਼ਲ ਮੀਡੀਆ ਦੀ ਭੂਮਿਕਾ ਨੂੰ ਵੱਡੀ ਚੁਣੌਤੀ ਮੰਨਦਿਆਂ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਗਰਮਖਿਆਲੀ ਫੇਸਬੁੱਕ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਰਹੇ ਹਨ। ਇਸ ਦਾ ਟਾਕਰਾ ਕਰਨ ਲਈ ਪੰਜਾਬ ਪੁਲੀਸ ਸੋਸ਼ਲ ਮੀਡੀਆ ’ਤੇ ਬਾਜ਼ ਅੱਖ ਰੱਖੇਗੀ। ਉਹ ਇਥੇ ਪੀਏਪੀ ਵਿੱਚ ਕਰਾਏ 58ਵੇਂ ਪੁਲੀਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਹਿੱਸਾ ਲੈਣ ਆਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵੀ ਆਪਣਾ ਫੇਸਬੁੱਕ ਪੇਜ ਬਣਾ ਰਹੀ ਹੈ, ਜਿਸ ਨਾਲ ਸਿੱਧੇ ਤੌਰ ’ਤੇ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਡੀਜੀਪੀ ਨੇ ਕਿਹਾ ਕਿ ਹਾਲ ਹੀ ਵਿੱਚ ਫੜੇ ਗਏ ਕੁਝ ਨੌਜਵਾਨਾਂ ਨੇ ਮੰਨਿਆ ਹੈ ਕਿ ਉਹ ਫੇਸਬੁੱਕ ਰਾਹੀਂ ਹੀ ਖਾਲਿਸਤਾਨ ਪੱਖੀ ਲੋਕਾਂ ਨਾਲ ਜੁੜੇ ਸਨ। ਲੁਧਿਆਣਾ ਵਿੱਚ ਆਰਐਸਐਸ ਆਗੂ ਰਵਿੰਦਰ ਗੋਸਾਈਂ ਸਮੇਤ ਹੋਰ ਕਤਲਾਂ ਬਾਰੇ ਪੁੱਛਣ ’ਤੇ ਸ੍ਰੀ ਅਰੋੜਾ ਨੇ ਕਿਹਾ ਕਿ ਮਾਤਾ ਚੰਦ ਕੌਰ ਦੇ ਕਤਲ ਨੂੰ ਛੱਡ ਕੇ ਬਾਕੀ ਛੇ ਕਤਲਾਂ ਦੀਆਂ ਤਾਰਾਂ ਜੁੜਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਰਐਸਐਸ  ਆਗੂ ਜਗਦੀਸ਼ ਗਗਨੇਜਾ, ਪਾਸਟਰ ਸੁਲਤਾਨ ਮਸੀਹ ਅਤੇ ਹਿੰਦੂ ਜਥੇਬੰਦੀਆਂ ਦੇ ਹੋਰ ਆਗੂਆਂ ਦੇ ਕਤਲਾਂ ਪਿੱਛੇ ਵਿਦੇਸ਼ੀ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਵਿੰਦਰ ਗੋਸਾਈਂ ਦੇ ਕਤਲ ਦੀ ਜਾਂਚ ਐਨਆਈਏ ਨੂੰ ਸੌਂਪਣ ਬਾਰੇ ਸਵਾਲ ’ਤੇ ਡੀਜੀਪੀ ਨੇ ਕਿਹਾ ਕਿ ਏਜੰਸੀਆਂ ਦੇ ਤਾਲਮੇਲ ਨਾਲ ਇਸ ਵੱਡੀ ਸਾਜ਼ਿਸ਼ ਨੂੰ ਬੇਨਕਾਬ ਕਰਨ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਨੇ ਪੰਜਾਬ ਵਿੱਚ ਮੁੜ ਅਤਿਵਾਦ ਪੈਦਾ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ। ਹਾਲਾਂਕਿ ਪੰਜਾਬ ਵਿੱਚ ਕਈ ਥਾਈਂ ਲਾਏ ਗਏ ਖਾਲਿਸਤਾਨ ਪੱਖੀ ਪੋਸਟਰਾਂ ਨੂੰ ਉਨ੍ਹਾਂ ਨੇ ਪੁਲੀਸ ਲਈ ਚੁਣੌਤੀ ਦੱਸਿਆ।