ਮੁੰਬਈ:ਅਦਾਕਾਰ ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਦੀ ਆਉਣ ਵਾਲੀ ਫਿਲਮ ‘ਭੀੜ’ ਕਰੋਨਾ ਮਹਾਮਾਰੀ ਸਮੇਂ ਦੇ ਉਨ੍ਹਾਂ ਨਾਇਕਾਂ ’ਤੇ ਆਧਾਰਿਤ ਹੋਵੇਗੀ ਜਿਨ੍ਹਾਂ ਨੇ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕੀਤੀ ਤੇ ਮਨੁੱਖੀ ਕਾਰਜਾਂ ਦੀ ਬਹਾਲੀ ਨੂੰ ਸੁਰਜੀਤ ਕੀਤਾ। ਅਜਿਹੇ ਹੀ ਯਤਨ ਫਿਲਮ ਅਦਾਕਾਰ ਸੋਨੂੰ ਸੂਦ ਵੱਲੋਂ ਵੀ ਕੀਤੇ ਗਏ। ਇਸ ਅਦਾਕਾਰ ਨੇ ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਫਸੇ ਹੋਏ ਵੱਡੀ ਗਿਣਤੀ ਪਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਸੈਂਕੜੇ ਬੱਸਾਂ ਦਾ ਪ੍ਰਬੰਧ ਕੀਤਾ। ‘ਦਿ ਸੋਨੂੰ ਸੂਦ ਫਾਊਂਡੇਸ਼ਨ’ ਨੇ ਘਰ ਭੇਜੋ ਮੁਹਿੰਮ ਚਲਾਈ ਜਿਸ ਤਹਿਤ ਸਾਢੇ ਸੱਤ ਲੱਖ ਪਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦੇ ਪ੍ਰਬੰਧ ਕੀਤੇ ਤੇ ਸੱਠ ਹਜ਼ਾਰ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ। ਸੋਨੂੰ ਸੂਦ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਫਿਲਮ ਦੇ ਮੁੱਖ ਅਦਾਕਾਰ ਰਾਜਕੁਮਾਰ ਰਾਓ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ। ਇਸ ਤੋਂ ਬਾਅਦ ਸੋਨੂੰ ਨੇ ਰਾਓ ਨੂੰ ਜਵਾਬ ਦਿੰਦਿਆਂ ਕਿਹਾ, ‘ਸੱਚਮੁੱਚ ਮੈਂ ਅੱਗੇ ਤੋਂ ਵੀ ਅਜਿਹੇ ਕਾਰਜ ਕਰਦਾ ਰਹਾਂਗਾ।’ ਦੱਸਣਾ ਬਣਦਾ ਹੈ ਕਿ ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਪਰਵਾਸੀਆਂ ਨੂੰ ਘਰ ਪਹੁੰਚਾਉਣ ਲਈ ਵੱਖ-ਵੱਖ ਰਾਜਾਂ ਦੀਆਂ ਸਟੇਟ ਅਥਾਰਿਟੀਆਂ ਤੋਂ ਇਜਾਜ਼ਤ ਪੱਤਰ ਹਾਸਲ ਕੀਤੇ ਤੇ ਕਈ ਥਾਵਾਂ ’ਤੇ ਪਰਵਾਸੀਆਂ ਨੂੰ ਘਰ ਤੋਰਨ ਵੇਲੇ ਅਦਾਕਾਰ ਆਪ ਵੀ ਮੌਜੂਦ ਰਿਹਾ। ਫਿਲਮ ‘ਭੀੜ’ ਦੀ ਕਹਾਣੀ ਉਮੀਦ ’ਤੇ ਆਧਾਰਿਤ ਹੈ। ਇਸ ਫਿਲਮ ਦੇ ਨਿਰਮਾਤਾ ਨੇ ਇਹ ਦੱਸਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਇਸ ਕਹਾਣੀ ਦੇ ਹੀਰੋ ਨੇ ਲੋਕਾਂ ਦਾ ਭਲਾ ਕਰਨ ਲਈ ਕਿਵੇਂ ਔਖਾ ਸਮਾਂ ਕੱਟਿਆ। ਇਸ ਫਿਲਮ ਵਿਚ ਸੋਨੂੰ ਦਾ ਕੰਮ ਲੋਕਾਂ ਲਈ ਪ੍ਰੇਰਨਾ ਸਰੋਤ ਹੈ।