ਦਿੜਬਾ ਮੰਡੀ, 20 ਸਤੰਬਰ
ਇੱਥੋਂ ਛੇ ਕਿਲੋਮੀਟਰ ਦੂਰ ਕਸਬਾ ਸੂਲਰ ਵਿੱਚ ਪਟਾਕਾ ਗੁਦਾਮ ਵਿੱਚ ਧਮਾਕਾ ਹੋਣ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਤੇ ਜ਼ਖ਼ਮੀਆਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਸਨ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ।
ਜਾਣਕਾਰੀ ਅਨੁਸਾਰ ਪਿੰਡ ਸੂਲਰ ਵਿੱਚ ਦਿੱਲੀ-ਲੁਧਿਆਣਾ ਸ਼ਾਹਰਾਹ ਉਤੇ ਮੰਦਰ ਨੇੜੇ ਪਟਾਕਿਆਂ ਦਾ ਗੁਦਾਮ  ਹੈ, ਜਿਸ ਵਿੱਚ ਅੱਜ ਧਮਾਕਾ ਹੋ ਗਿਆ। ਧਮਾਕੇ ਕਾਰਨ ਗੁਦਾਮ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਅੱਠ ਮੌਤਾਂ ਦੀ ਪੁਸ਼ਟੀ ਹੋ ਗਈ, ਜਦੋਂ ਕਿ ਕਈ ਰਿਪੋਰਟਾਂ ਵਿੱਚ ਮੌਤਾਂ ਦੀ ਗਿਣਤੀ ਦਰਜਨ ਤੋਂ ਵੱਧ ਦੱਸੀ ਜਾ ਰਹੀ ਹੈ। ਧਮਾਕੇ ਕਾਰਨ ਗੁਦਾਮ ਦੀ ਪੂਰੀ ਛੱਤ ਉਡ ਗਈ। ਇਸ ਕਾਰਨ ਗੁਦਾਮ ਨੇੜਲੇ ਤਿੰਨ ਹੋਰ ਮਕਾਨਾਂ ਨੂੰ ਵੀ ਭਾਰੀ ਨੁਕਸਾਨ ਹੋਇਆ। ਉਨ੍ਹਾਂ ਮਕਾਨਾਂ ਦੀਆਂ ਵੀ ਛੱਤਾਂ ਡਿੱਗ ਗਈਆਂ। ਮਲਬੇ ਵਿੱਚ ਕਾਫ਼ੀ ਲੋਕਾਂ ਦੇ ਦਬੇ ਹੋਣ ਦਾ ਸ਼ੱਕ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲੀਸ ਅਤੇ ਥਾਣਾ ਦਿੜਬਾ ਦੀ ਪੁਲੀਸ ਥਾਣੇਦਾਰ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਮੌਕੇ ਉਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤੇ। ਇਸ ਦੌਰਾਨ ਮਲਬੇ ਹੇਠ ਦਬੇ ਕਈ ਲੋਕਾਂ ਨੂੰ ਕੱਢਿਆ ਗਿਆ। ਮਲਬੇ ਹੇਠ ਹੋਰ ਵੀ ਕਈ ਵਿਅਕਤੀਆਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ।  ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਸੀ ਅਮਰਪ੍ਰਤਾਪ ਸਿੰਘ ਵਿਰਕ, ਐਸਐਸਪੀ ਮਨਦੀਪ ਸਿੰਘ ਸਿੱਧੂ, ਸਿਵਲ ਸਰਜਨ ਕਿਰਨਜੋਤ ਕੌਰ ਤੇ ਹੋਰ ਅਧਿਕਾਰੀ ਪਹੁੰਚੇ। ਰਾਹਤ ਕਾਰਜਾਂ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਮੈਡੀਕਲ ਟੀਮਾਂ ਵੀ ਮੌਕੇ ਉਤੇ ਪਹੁੰਚੀਆਂ। ਰਾਤ ਨੂੰ ਬਚਾਅ ਕਾਰਜ ਚਲਾਉਣ ਲਈ ਮੌਕੇ ਉਤੇ ਜੈਨਰੇਟਰ ਦਾ ਪ੍ਰਬੰਧ ਕੀਤਾ ਗਿਆ। ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਸਨ।

ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ: ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਟਾਕਿਆਂ ਦੇ ਗੁਦਾਮ ਵਿੱਚ ਹਾਦਸੇ ਕਾਰਨ ਹੋਈਆਂ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਹਾਦਸੇ ਦੇ ਸਾਰੇ ਜ਼ਖ਼ਮੀਆਂ ਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  ਰਾਹਤ ਕਾਰਜ ਚਲਾਏ ਜਾ ਰਹੇ ਹਨ ਤੇ ਪੀੜਤਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ।