ਜਲੰਧਰ, 24 ਅਗਸਤ
ਪੰਜਾਬ ਰੋਡਵੇਜ਼ ਦੇ ਕਾਮਿਆਂ ਨੇ ਅੱਜ ਸੂਬਾ ਪੱਧਰੀ ਰੈਲੀ ਦੌਰਾਨ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 29 ਅਗਸਤ ਨੂੰ ਹੋਣ ਵਾਲੀ ਮੀਟਿੰਗ ਵਿੱਚ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅੰਤਰਰਾਜੀ ਬੱਸ ਅੱਡੇ ਵਿੱਚ ਕੀਤੀ ਇਸ ਰੈਲੀ ਦੌਰਾਨ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਟਰਾਂਸਪੋਰਟ ਨੀਤੀ ਦੇ ਮਾਮਲੇ ਵਿੱਚ ਸੂਬਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਤੇ ਬਾਦਲਾਂ ਦੀ ਆਪਸੀ ਸਾਂਝ ਦਾ ਸਬੂਤ ਸਾਹਮਣੇ ਆ ਗਿਆ ਹੈ ਕਿ ਸੁਪਰੀਮ ਕੋਰਟ ਵੱਲੋਂ 12,210 ਪਰਮਿਟ ਰੱਦ ਕਰਨ ਦੇ ਬਾਵਜੂਦ ਵੀ ਅਜੇ ਤੱਕ ਸਰਕਾਰ ਨੇ ਇਨ੍ਹਾਂ ਬੱਸਾਂ ਨੂੰ ਨਹੀਂ ਰੋਕਿਆ।
ਅੱਜ ਰੋਡਵੇਜ਼ ਕਾਮਿਆਂ ਦੀ ਸੂਬਾ ਪੱਧਰੀ ਰੈਲੀ ਵਿੱਚ ਏਟਕ, ਇੰਟਕ, ਸ਼ਡਿਊਲ ਕਾਸਟ ਯੂਨੀਅਨ, ਕਰਮਚਾਰੀ ਦਲ, ਕੰਡਕਟਰ ਯੂਨੀਅਨ, ਐਂਪਲਾਈਜ਼ ਯੂਨੀਅਨ, ਵਰਕਸ਼ਾਪ ਯੂਨੀਅਨ, ਡਰਾਈਵਰ ਯੂਨੀਅਨ, ਸੁਪਰਵਾਈਜ਼ਰ ਸਟਾਫ਼ ਯੂਨੀਅਨ ਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਕਾਰਕੁਨ ਸ਼ਾਮਲ ਸਨ। ਜਥੇਬੰਦੀਆਂ ਦੇ ਆਗੂ ਜਗਦੀਸ਼ ਚਾਹਲ ਤੇ ਸੁਰਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਪੰਜ ਮਹੀਨੇ ਬੀਤਣ ਦੇ ਬਾਵਜੂਦ ਕੈਪਟਨ ਸਰਕਾਰ ਨੇ ਬਾਦਲਾਂ ਦੀਆਂ ਬੱਸਾਂ ਨੂੰ ਹੱਥ ਤੱਕ ਨਹੀਂ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਸਰਗਰਮ ਰਹੇ ਟਰਾਂਸਪੋਰਟ ਮਾਫ਼ੀਏ ਤੋਂ ਬਾਅਦ ਹੁਣ ਕਾਂਗਰਸੀ ਆਗੂਆਂ ਦੀਆਂ ਬੱਸਾਂ ਵੀ ਨਾਜਾਇਜ਼ ਤੌਰ ’ਤੇ ਚੱਲ ਰਹੀਆਂ ਹਨ। ਨਾਜਾਇਜ਼ ਚੱਲਦੀਆਂ ਬੱਸਾਂ ਵਿੱਚ ਮੁੱਖ ਮੰਤਰੀ ਦੇ ਇੱਕ ਸਲਾਹਕਾਰ ਦੀਆਂ ਬੱਸਾਂ ਵੀ ਸ਼ਾਮਲ ਹਨ। ਉਨ੍ਹਾਂ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰੀ ਟਰਾਂਸਪੋਰਟ ਆਊਟਸੋਰਸਿੰਗ ਭਰਤੀ ਬੰਦ ਕੀਤੀ ਜਾਵੇ, ਠੇਕੇ ’ਤੇ ਰੱਖੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਸਰਕਾਰੀ ਟਰਾਂਸਪੋਰਟ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਨਾ ਪਾਈਆਂ ਜਾਣ, ਦੂਜੇ ਸੂਬਿਆਂ ਵਿੱਚ ਸਿਰਫ਼ ਸਟੇਟ ਟਰਾਂਸਪੋਰਟ ਨੂੰ ਹੀ ਪਰਮਿਟ ਦਿੱਤੇ ਜਾਣ ਤੇ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸ਼ਰਤਾਂ ਨੂੰ ਲਾਗੂ ਕੀਤਾ ਜਾਵੇ। ਇਸ ਮੌਕੇ ਅਵਤਾਰ ਸਿੰਘ ਸੇਖੋਂ, ਗੁਰਦੇਵ ਸਿੰਘ, ਅਵਤਾਰ ਸਿੰਘ ਤਾਰੀ, ਮੰਗਤ ਖਾਨ, ਮੱਖਣ ਸਿੰਘ, ਜਸਵੰਤ ਸਿੰਘ, ਸੱਤਪਾਲ ਸਿੰਘ, ਗੁਰਦਿਆਲ ਸਿੰਘ, ਬਲਜੀਤ ਸਿੰਘ ਤੇ ਫਤਹਿ ਸਿੰਘ ਨੇ ਵੀ ਸੰਬੋਧਨ ਕੀਤਾ।