ਪਟਿਆਲਾ, 21 ਅਪਰੈਲ
ਸੂਬਾਈ ਵਜ਼ਾਰਤ ਵਿੱਚ ਹਾਲਾਂਕਿ ਸ਼ਾਹੀ ਸ਼ਹਿਰ ਪਟਿਆਲਾ ਦਾ ਹੱਥ ਪਹਿਲਾਂ ਹੀ ਉਤਾਂਹ ਹੈ, ਪਰ ਕੈਬਨਿਟ ਵਿੱਚ ਹੋਏ ਤਾਜ਼ਾ ਵਿਸਤਾਰ ਨਾਲ ਮੁੱਖ ਮੰਤਰੀ ਦੇ ਇਸ ਸ਼ਹਿਰ ਦੀ ਵਜ਼ਾਰਤ ਵਿੱਚ ਨੁਮਾਇੰਦਗੀ ਹੋਰ ਵਧ ਗਈ ਹੈ।
ਨਵੇਂ ਸ਼ਾਮਲ ਕੀਤੇ ਮੰਤਰੀ ਵਿਜੈਇੰਦਰ ਸਿੰਗਲਾ ਵੀ ਪਟਿਆਲਾ ਦੇ ਹੀ ਵਸਨੀਕ ਹਨ, ਜਦੋਂਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਨਵਜੋਤ ਸਿੱਧੂ ਵੀ ਇਸੇ ਸ਼ਹਿਰ ਨਾਲ ਸਬੰਧਤ ਹਨ। ਉਂਜ ਜੇਕਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਟਿਆਲਾ ਨੂੰ ਸਰਕਾਰ ਵਿੱਚ ਪੰਜ ਨੁਮਾਇੰਦਗੀਆਂ ਮਿਲੀਆਂ ਹਨ। ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਵੀ ਨਾਭਾ ’ਚ ਹੈ ਤੇ ਇੱਥੋਂ ਹੀ ਉਹ ਵਿਧਾਇਕ ਵੀ ਹਨ।
ਇਸ ਹਿਸਾਬ ਨਾਲ ਪਟਿਆਲਾ ਇਕਲੌਤਾ ਅਜਿਹਾ ਸ਼ਹਿਰ ਅਤੇ ਜ਼ਿਲ੍ਹਾ ਹੈ, ਜਿਸ ਦੀ ਵਜ਼ਾਰਤ ਵਿੱਚ ਇਸ ਕਦਰ ਭਰਵੀਂ ਨੁਮਾਇੰਦਗੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਦਰਮਿਆਨ ਤਾਂ ਸਿਰਫ਼ ਚਾਰ ਕਦਮਾਂ ਦਾ ਹੀ ਫ਼ਾਸਲਾ ਹੈ। ਕੈਪਟਨ ਪਟਿਆਲਾ ਸ਼ਹਿਰ ਅਤੇ ਸ੍ਰੀ ਮਹਿੰਦਰਾ ਪਟਿਆਲਾ ਦਿਹਾਤੀ ਹਲਕਿਆਂ ਤੋਂ ਵਿਧਾਇਕ ਹਨ। ਨਵੇਂ ਬਣੇ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ਸ਼ਹਿਰ ਵਿਚਲੀ ਗੁੜ ਮੰਡੀ ’ਚ ਹੈ। ਵਿਜੈਇੰਦਰ ਸਿੰਗਲਾ ਨੂੰ ਪਿਛਲੀ ਕੈਪਟਨ ਸਰਕਾਰ ਮੌਕੇ ‘ਪੇਡਾ’ ਦਾ ਚੇਅਰਮੈਨ ਬਣਾਇਆ ਗਿਆ ਸੀ। ਇਸ ਮਗਰੋਂ ਉਹ ‘ਪੰਜਾਬ ਯੂਥ ਕਾਂਗਰਸ’ ਦੇ ਸੂਬਾ ਪ੍ਰਧਾਨ ਤੇ 2009 ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਬਣੇ। ਮੌਜੂਦਾ ਸਮੇਂ ਉਹ ਸੰਗਰੂਰ ਤੋਂ ਵਿਧਾਇਕ ਹਨ।
ਸ੍ਰੀ ਸਿੰਗਲਾ ਭਾਵੇਂ ਕੈਪਟਨ ਦੇ ਵੀ ਭਰੋਸੇਯੋਗ ਹਨ, ਪਰ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਵੀ ਚੰਗੀ ਸਾਂਝ ਹੈ। ਇਸੇ ਤਰ੍ਹਾਂ ਨਵਜੋਤ ਸਿੱਧੂ ਦੀ ਜੱਦੀ ਰਿਹਾਇਸ਼ ਵੀ ਇੱਥੇ ਫੁਹਾਰਾ ਚੌਕ ਕੋਲ ਯਾਦਵਿੰਦਰਾ ਕਲੋਨੀ ਵਿੱਚ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਪਟਿਆਲਾ ਨਾਲ ਹੀ ਸਬੰਧਤ ਹਨ।