ਐਸ.ਏ.ਐਸ. ਨਗਰ (ਮੁਹਾਲੀ), 22 ਮਈ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਇੱਥੋਂ ਦੇ ਸੈਕਟਰ-81 ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਚਰ (ਆਈਸਰ) ਦੀ ਕਾਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਸੰਸਥਾ ਦੇ 152 ਵਿਦਿਆਰਥੀਆਂ ਨੂੰ ਬੀਐਸ, ਬੀਐਸ-ਐਮਐਸ ਅਤੇ ਪੀਐਚਡੀ ਦੀਆਂ ਡਿਗਰੀਆਂ ਵੰਡੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੰਸਥਾ ਦੇ ਵਿਹੜੇ ਵਿੱਚ ਬੂਟਾ ਵੀ ਲਾਇਆ।
ਇਸ ਮੌਕੇ ਸ੍ਰੀ ਕੋਵਿੰਦ ਨੇ ਕਿਹਾ ਕਿ ਵਿਗਿਆਨਕ ਖੋਜ ਦਾ ਖੇਤਰ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਹੋਇਆ ਹੈ ਜਿਸ ਤੋਂ ਆਈਸਰ ਵਰਗੀ ਸੰਸਥਾ ਨੂੰ ਪ੍ਰੇਰਨਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਪਾਸੇ ਵਿਗਿਆਨਕ ਖੋਜੀਆਂ ਅਤੇ ਤਕਨੀਸ਼ਨਾਂ ਦੇ ਸੁਮੇਲ ਹੈ ਅਤੇ ਦੂਜੇ ਬੰਨੇ ਪੰਜਾਬ ਦੀ ਵਿਕਾਸ ਪ੍ਰਣਾਲੀ ਨੇ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਭਾਖੜਾ-ਨੰਗਲ ਪ੍ਰਾਜੈਕਟ ਵਿੱਚ ਵਿਗਿਆਨੀਆਂ ਵੱਲੋਂ ਨਿਭਾਏ ਰੋਲ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸ੍ਰੀ ਕੋਵਿੰਦ ਨੇ ਕਿਹਾ ਕਿ ਖੇਤੀਬਾੜੀ ਵਿਗਿਆਨੀਆਂ ਅਤੇ ਯੂਨੀਵਰਸਿਟੀਆਂ ਨੇ ਪੰਜਾਬ ਵਿੱਚ ਅਨਾਜ ਦੀ ਪੈਦਾਵਾਰ ਵਧਾਉਣ ਅਤੇ ਹਰੀ ਕ੍ਰਾਂਤੀ ਲਈ ਆਧਾਰ ਮੁਹੱਈਆ ਕਰਵਾਇਆ ਅਤੇ ਅੱਜ ਮੁਹਾਲੀ ਆਈਟੀ, ਬਾਇਓਟੈਕਨਾਲੋਜੀ, ਬਾਇਓਇਨਫਰਮੈਟਿਕਸ ਅਤੇ ਹੋਰਨਾਂ ਖੇਤਰਾਂ ਦਾ ਧੁਰਾ ਬਣ ਕੇ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਈਸਰ ਉੱਚ ਵਿੱਦਿਆ ਅਤੇ ਖੋਜ ਸਬੰਧੀ ਦੇਸ਼ ਦੀਆਂ ਅਹਿਮ ਸੰਸਥਾਵਾਂ ਵਿੱਚ ਸ਼ੁਮਾਰ ਹੈ। ਇਸੇ ਦੌਰਾਨ ਅਕਾਦਮਿਕ ਐਕਸੀਲੈਂਸ ਲਈ ਦਿੱਤੇ ਗਏ ਚਾਰ ਐਵਾਰਡਾਂ ਵਿੱਚੋਂ ਤਿੰਨ ਐਵਾਰਡ ਲੜਕੀਆਂ ਨੇ ਦਿੱਤੇ ਗਏ।
ਇਸ ਤੋਂ ਪਹਿਲਾਂ ਆਈਸਰ ਦੇ ਬੋਰਡ ਆਫ਼ ਗਵਰਨਰਜ਼ ਦੀ ਚੇਅਰਪਰਸਨ ਡਾ. ਮਧੂਚੰਦਾਕਰ ਨੇ ਰਾਸ਼ਟਰਪਤੀ ਅਤੇ ਹੋਰਨਾਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਡਾਇਰੈਕਟਰ ਪ੍ਰੋ. ਦੇਬੀ ਪ੍ਰਸਾਦ ਨੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਡੀਨ (ਅਕਾਦਮਿਕ) ਆਰ.ਐਸ. ਜੌਹਲ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ੍ਰੀਮਤੀ ਸਵਿਤਾ ਕੋਵਿੰਦ, ਰਾਜਪਾਲ ਵੀ.ਪੀ. ਸਿੰਘ ਬਦਨੌਰ, ਰਾਜਪਾਲ ਕਪਤਾਨ ਸਿੰਘ ਸੋਲੰਕੀ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਪੰਜਾਬ ਸਰਕਾਰ ਦੇ ਮੁੱਖ ਸਕੱਤਰ ਐਨ.ਐਸ. ਕਲਸੀ, ਪੰਜਾਬ ਯੂਨੀਵਰਸਿਟੀ ਦੇ ਉਪ-ਕੁਲਪਤੀ ਅਰੁਣ ਗਰੋਵਰ, ਆਈਸਰ ਦੇ ਬੋਰਡ ਆਫ਼ ਗਵਰਨਰਜ਼, ਸੈਨੇਟ ਦੇ ਮੈਂਬਰ, ਸਹਾਇਕ ਰਜਿਸਟਰਾਰ ਬਿਪੁਲ ਕੁਮਾਰ ਚੌਧਰੀ ਸਮੇਤ ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।