ਗੁਰਦਾਸਪੁਰ, 31 ਜੁਲਾਈ: ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਭਾਰੀ ਰਾਹਤ ਦਿੰਦਿਆਂ ਵਧੀਕ ਸੈਸ਼ਨ ਜੱਜ (ਗੁਰਦਾਸਪੁਰ) ਪ੍ਰੇਮ ਕੁਮਾਰ ਦੀ ਅਦਾਲਤ ਨੇ ਅੱਜ ਬਲਾਤਕਾਰ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ। ਸ੍ਰੀ ਲੰਗਾਹ ਖ਼ਿਲਾਫ਼ ਵਿਜੀਲੈਂਸ ਵਿਭਾਗ ਪਠਾਨਕੋਟ ਵਿਖੇ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ਉੱਤੇ ਸਿਟੀ ਪੁਲੀਸ (ਗੁਰਦਾਸਪੁਰ) ਵਿਖੇ 28 ਸਤੰਬਰ, 2017 ਨੂੰ ਧਾਰਾ 376 (ਬਲਾਤਕਾਰ) ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਸ੍ਰੀ ਲੰਗਾਹ ਅੱਜ ਸਵੇਰੇ ਕਰੀਬ 10 ਵਜੇ ਆਪਣੇ ਵਕੀਲਾਂ ਸਮੇਤ ਅਦਾਲਤ ਪੁੱਜੇ। ਕਰੀਬ ਦੋ ਘੰਟਿਆਂ ਤੱਕ ਦੋਹਾਂ ਧਿਰਾਂ ਦੀ ਬਹਿਸ ਚਲਦੀ ਰਹੀ। ਜੱਜ ਨੇ ਦਲੀਲਾਂ ਸੁਣਨ ਤੋਂ ਪਿੱਛੋਂ ਬਾਅਦ ਦੁਪਹਿਰ ਆਪਣਾ ਫੈਸਲਾ ਸੁਣਾ ਦਿੱਤਾ। ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਸ੍ਰੀ ਲੰਗਾਹ ਸਾਲ 2009 ਤੋਂ ਉਸ ਦਾ ਜਿਨਸੀ ਸ਼ੋਸ਼ਣ ਕਰ ਰਹੇ ਸਨ। ਇਸ ਸਬੰਧੀ ਇੱਕ ਅਸ਼ਲੀਲ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਕਾਰਨ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਸੀ। ਉਦੋਂ ਲੋਕ ਸਭਾ ਜ਼ਿਮਨੀ ਚੋਣ ਹੋਣ ਕਾਰਨ ਕਾਂਗਰਸ ਨੂੰ ਫਾਇਦਾ ਵੀ ਮਿਲਿਆ ਸੀ।
ਘਟਨਾ ਬਾਅਦ ਸ੍ਰੀ ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਅਤੇ ਸ੍ਰੀ ਅਕਾਲ ਤਖ਼ਤ ਨੇ ਵੀ ਪੰਥ ਵਿੱਚੋਂ ਛੇਕ ਦਿੱਤਾ ਸੀ। ਕੇਸ ਦਰਜ ਹੋਣ ਪਿੱਛੋਂ ਸ੍ਰੀ ਲੰਗਾਹ ਰੂਪੋਸ਼ ਹੋ ਗਏ ਸਨ ਪਰ ਪੇਸ਼ਗੀ ਜ਼ਮਾਨਤ ਰੱਦ ਹੋਣ ਬਾਅਦ 4 ਅਕਤੂਬਰ ਨੂੰ ਗੁਰਦਾਸਪੁਰ ਅਦਾਲਤ ਵਿੱਚ ਆਤਮ-ਸਮਰਪਣ ਕੀਤਾ ਸੀ। ਵੀਡੀਓ ਵਾਇਰਲ ਹੋਣ ਉਪਰੰਤ ਸਿੱਖ ਸੰਗਠਨਾਂ ਦੀ ਮੰਗ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 295ਏ ਵੀ ਕੇਸ ਵਿੱਚ ਜੋੜੀ ਗਈ ਸੀ।
ਸੁਣਵਾਈ ਦੌਰਾਨ ਸਬੰਧਤ ਔਰਤ ਆਪਣੇ ਪਹਿਲੇ ਬਿਆਨਾਂ ਤੋਂ ਮੁੱਕਰ ਗਈ। ਉਸ ਨੇ ਅਦਾਲਤ ਵਿੱਚ ਕਿਹਾ ਕਿ ਪੁਲੀਸ ਨੇ ਦਬਾਅ ਪਾ ਕੇ ਸ੍ਰੀ ਲੰਗਾਹ ਖਿਲਾਫ਼ ਸ਼ਿਕਾਇਤ ਕਰਵਾਈ ਸੀ। ਉਸ ਨੇ ਵੀਡੀਓ ਵਿੱਚ ਵੀ ਆਪਣੇ ਹੋਣ ਤੋਂ ਇਨਕਾਰ ਕੀਤਾ। ਇਸ ਕਾਰਨ ਸ੍ਰੀ ਲੰਗਾਹ ਅਦਾਲਤ ਵਿੱਚੋਂ ਜ਼ਮਾਨਤ ਲੈਣ ਵਿੱਚ ਵੀ ਸਫਲ ਹੋ ਗਏ। ਇਸੇ ਰੌਸ਼ਨੀ ਵਿਚ ਅੱਜ ਅਦਾਲਤ ਨੇ ਸ੍ਰੀ ਲੰਗਾਹ ਨੂੰ ਧਾਰਾ 376 (ਬਲਾਤਕਾਰ) ਅਤੇ 295ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਤਹਿਤ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਲੰਗਾਹ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਤੋਂ ਨਿਆਂ ਮਿਲਣ ਦਾ ਪੂਰਾ ਭਰੋਸਾ ਸੀ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਲੋਕ ਸਭਾ ਜ਼ਿਮਨੀ ਚੋਣ ਵਿੱਚ ਲਾਹਾ ਲੈਣ ਲਈ ਉਨ੍ਹਾਂ ਨੂੰ ‘ਝੂਠਾ’ ਫਸਾਇਆ ਸੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਪਾਰਟੀ ਪ੍ਰਧਾਨ ਨੂੰ ਮਿਲਣਗੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਵੀ ਇਨਸਾਫ਼ ਦੀ ਮੰਗ ਕਰਨਗੇ।