ਮਾਸਕੋ, ਨਿਝਨੀ ਨੋਵਗੋਰੋਦ ਵਿੱਚ ਕ੍ਰੋਏਸ਼ੀਆ ਹੱਥੋਂ 3-0 ਗੋਲਾਂ ਨਾਲ ਹਾਰਨ ਮਗਰੋਂ ਲਾਇਨਲ ਮੈਸੀ ਸਿਰ ਝੁਕਾਈ ਬੈਠਾ ਰਿਹਾ, ਕਿਉਂਕਿ ਉਸ ਨੂੰ ਅਹਿਸਾਸ ਹੋ ਗਿਆ ਕਿ ਵਿਸ਼ਵ ਕੱਪ ਖ਼ਿਤਾਬ ਆਪਣੇ ਨਾਮ ਕਰਨ ਦਾ ਉਸ ਦਾ ਸੁਪਨਾ ਸ਼ੀਸ਼ੇ ਵਾਂਗ ਤਿੜਕ ਕੇ ਚੂਰ-ਚੂਰ ਹੋ ਗਿਆ ਹੈ। ਇਹ ਗੱਲ ਉਸ ਨੂੰ ਜ਼ਿੰਦਗੀ ਭਰ ਰੜਕਦੀ ਰਹੇਗੀ। ਬਾਰਸੀਲੋਨਾ ਨਾਲ ਕਾਮਯਾਬੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਦੁਨੀਆਂ ਦੇ ਸਰਵੋਤਮ ਫੁਟਬਾਲਰਾਂ ਵਿੱਚ ਸ਼ੁਮਾਰ ਮੈਸੀ ਨੂੰ ਉਮੀਦ ਸੀ ਕਿ ਉਹ ਆਪਣੇ ਆਖ਼ਰੀ ਵਿਸ਼ਵ ਕੱਪ ਵਿੱਚ ਫੁਟਬਾਲ ਦੀ ਇਹ ਸਭ ਤੋਂ ਵੱਡੀ ਟਰਾਫੀ ਜਿੱਤ ਸਕੇਗਾ, ਪਰ ਕ੍ਰੋਏਸ਼ੀਆ ਨੇ ਉਸ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਪਿਛਲੇ ਇੱਕ ਦਹਾਕੇ ਤੋਂ ਫੁਟਬਾਲ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਮੈਸੀ ਅਤੇ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਦਾ ਇਹ ਆਖ਼ਰੀ ਵਿਸ਼ਵ ਕੱਪ ਹੈ। ਆਪਣਾ 31ਵਾਂ ਜਨਮ ਦਿਨ ਮਨਾਉਣ ਜਾ ਰਿਹਾ ਮੈਸੀ ਹੁਣ ਇਸ ਮਹਾਂਕੁੰਭ ਵਿੱਚ ਕਦੇ ਨਹੀਂ ਖੇਡ ਸਕੇਗਾ। ਅਰਜਨਟੀਨਾ 2014 ਵਿਸ਼ਵ ਕੱਪ ਦੇ ਫਾਈਨਲ ਵਿੱਚ ਜਰਮਨੀ ਤੋਂ ਇੱਕ ਗੋਲ ਨਾਲ ਹਾਰ ਗਿਆ ਸੀ। ਇਸ ਮਗਰੋਂ ਕੋਪਾ ਅਮਰੀਕਾ ਫਾਈਨਲ 2015 ਅਤੇ 2016 ਦੌਰਾਨ ਚਿੱਲੀ ਤੋਂ ਪੈਨਲਟੀ ਸ਼ੂਟਆਊਟ ਵਿੱਚ ਹਾਰਿਆ। ਮੈਸੀ ਨੇ ਵਿਸ਼ਵ ਕੱਪ ਤੋਂ ਪਹਿਲਾਂ ਹੀ ਕਿਹਾ ਸੀ ਕਿ ਉਹ ਇਸ ਟੂਰਨਾਮੈਂਟ ਮਗਰੋਂ ਫੁਟਬਾਲ ਤੋਂ ਸੰਨਿਆਸ ਲੈ ਲਵੇਗਾ। ਉਹ 2016 ਦੌਰਾਨ ਵੀ ਸੰਨਿਆਸ ਲੈ ਚੁੱਕਿਆ ਸੀ, ਪਰ ਫਿਰ ਉਸ ਨੇ ਫ਼ੈਸਲਾ ਬਦਲ ਲਿਆ। ਆਈਸਲੈਂਡ ਖ਼ਿਲਾਫ਼ 1-1 ਗੋਲ ਨਾਲ ਡਰਾਅ ਰਹੇ ਪਹਿਲੇ ਮੈਚ ਵਿੱਚ ਪੈਨਲਟੀ ਖੁੰਝਣ ਦਾ ਵੀ ਮੈਸੀ ਨੂੰ ਮਲਾਲ ਰਹੇਗਾ। ਕ੍ਰੋਏਸ਼ੀਆ ਖ਼ਿਲਾਫ਼ ਵੀ ਉਹ ਆਪਣੀ ਰੰਗਤ ਵਿੱਚ ਨਹੀਂ ਜਾਪਿਆ। ਇਸ ਵੇਲੇ ਅਰਜਨਟੀਨਾ ਦੇ ਦੋ ਮੈਚਾਂ ਵਿੱਚ ਇੱਕ ਹੀ ਅੰਕ ਹੈ। ਉਸ ਨੂੰ ਨਾ ਸਿਰਫ਼ ਆਖ਼ਰੀ ਮੈਚ ਵਿੱਚ ਨਾਇਜੀਰੀਆ ’ਤੇ ਚੰਗੀ ਜਿੱਤ ਦਰਜ ਕਰਨੀ ਹੋਵੇਗੀ, ਸਗੋਂ ਦੂਜੇ ਮੈਚਾਂ ਦੇ ਹਾਂ ਪੱਖੀ ਨਤੀਜਿਆਂ ਦੀ ਵੀ ਉਮੀਦ ਕਰਨੀ ਹੋਵੇਗੀ। ਦੂਜੇ ਪਾਸੇ, ਉਸ ਦਾ ਵਿਰੋਧੀ ਖਿਡਾਰੀ ਰੋਨਾਲਡੋ ਹੁਣ ਤੱਕ ਦੋ ਮੈਚਾਂ ਵਿੱਚ ਚਾਰ ਗੋਲ ਕਰ ਚੁੱਕਿਆ ਹੈ। ਸਪੇਨ ਖ਼ਿਲਾਫ਼ ਹੈਟ੍ਰਿਕ ਲਾਉਣ ਵਾਲੇ ਰਿਆਲ ਮਡਰਿਡ ਦੇ ਇਸ ਸਟਾਰ ਸਟਰਾਈਕਰ ਦਾ ਫ਼ਾਰਮ ਵੇਖਣ ਵਾਲਾ ਹੈ।