ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਸਵੇਰੇ ਦਿੱਲੀ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਵਿਚਾਲੇ ਸੰਸਦ ਭਵਨ ਵਿੱਚ ਕਰੀਬ 40 ਤੋਂ 45 ਮਿੰਟ ਤੱਕ ਗੱਲਬਾਤ ਹੋਈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵੀ ਮੁਲਾਕਾਤ ਕੀਤੀ ਸੀ।

ਅਕਾਲੀ-BJP ਗਠਜੋੜ ਦੀਆਂ ਚਰਚਾਵਾਂ ਤੇਜ਼

ਸੁਖਬੀਰ ਬਾਦਲ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣ ਕਰੀਬ ਚਾਰ ਤੋਂ ਪੰਜ ਮਹੀਨੇ ਦਾ ਸਮਾਂ ਬਚਿਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਪਾਰਟੀਆਂ ਦੇ ਸਿਖਰਲੇ ਆਗੂਆਂ ਵਿਚਾਲੇ ਹੋਈ ਇਸ ਮੁਲਾਕਾਤ ਤੋਂ ਬਾਅਦ ਗਠਜੋੜ ਨੂੰ ਲੈ ਕੇ ਕੋਈ ਅੰਤਿਮ ਫੈਸਲਾ ਹੋ ਸਕਦਾ ਹੈ।

ਕੇਜਰੀਵਾਲ ਨੇ ਕੱਸਿਆ ਤਿੱਖਾ ਤੰਜ

ਸੁਖਬੀਰ ਬਾਦਲ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ’ਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਤੰਜ ਕੱਸਿਆ। ਉਨ੍ਹਾਂ ਕਿਹਾ, “ਨਾ ਨਾ ਕਰਦੇ ਪਿਆਰ ਤੁਮ ਹੀ ਸੇ ਕਰ ਬੈਠੇ…” ਇਸ ਦੇ ਨਾਲ ਹੀ ਕੇਜਰੀਵਾਲ ਨੇ ਸਵਾਲ ਕੀਤਾ ਕਿ ਕੀ “ਚੰਦਾ ਚੋਰ ਪਾਰਟੀ ਅਤੇ ਬੇਅਦਬੀ ਪਾਰਟੀ ਦਾ ਗਠਜੋੜ ਹੋ ਰਿਹਾ ਹੈ?”

ਇਸ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਵੀ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਫੈਲੇ 20 ਹਜ਼ਾਰ ਕਰੋੜ ਰੁਪਏ ਦੇ ਕਥਿਤ ਗੈਰ-ਕਾਨੂੰਨੀ ਖਣਨ ਨੂੰ ਤੁਰੰਤ ਬੰਦ ਕਰਵਾਉਣ ਦਾ ਦਾਅਵਾ ਕੀਤਾ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਨੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਗਾਰੰਟੀਆਂ ਬੇਅਸਰ ਰਹੀਆਂ ਹਨ।

ਅਕਾਲੀ-BJP ਗਠਜੋੜ ਦਾ ਪੁਰਾਣਾ ਸਿਆਸੀ ਇਤਿਹਾਸ

ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ 1996 ਵਿੱਚ ਹੋਇਆ ਸੀ ਅਤੇ ਇਹ ਕਰੀਬ 25 ਸਾਲ ਤੱਕ ਚੱਲਿਆ। ਦੋਵਾਂ ਪਾਰਟੀਆਂ ਨੇ 1997 ਵਿੱਚ ਪਹਿਲੀ ਵਾਰ ਸਾਂਝੀ ਸਰਕਾਰ ਬਣਾਈ। ਇਸ ਤੋਂ ਬਾਅਦ 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਗਠਜੋੜ ਨੂੰ ਪੂਰਨ ਬਹੁਮਤ ਮਿਲਿਆ।

ਪ੍ਰਕਾਸ਼ ਸਿੰਘ ਬਾਦਲ ਇਸ ਗਠਜੋੜ ਨੂੰ ‘ਨਹੁੰ-ਮਾਸ’ ਦੇ ਰਿਸ਼ਤੇ ਵਾਂਗ ਦੱਸਦੇ ਸਨ, ਜਿਸ ਦਾ ਅਰਥ ਦੋਵਾਂ ਵਿਚਾਲੇ ਡੂੰਘਾ ਅਤੇ ਮਜ਼ਬੂਤ ਸਬੰਧ ਹੈ।

ਗਠਜੋੜ ਦੀ ਕਾਮਯਾਬੀ ਦੇ ਕਾਰਨ

ਸਿਆਸੀ ਮਾਹਿਰ ਪਵਨਦੀਪ ਸ਼ਰਮਾ ਮੁਤਾਬਕ ਗਠਜੋੜ ਦੀ ਸਫਲਤਾ ਦਾ ਇੱਕ ਵੱਡਾ ਕਾਰਨ ਦੋਵਾਂ ਪਾਰਟੀਆਂ ਦਾ ਵੱਖ-ਵੱਖ ਵੋਟ ਬੈਂਕ ਵਿੱਚ ਮਜ਼ਬੂਤ ਆਧਾਰ ਸੀ। ਅਕਾਲੀ ਦਲ ਦੀ ਪੇਂਡੂ ਅਤੇ ਪੰਥਕ ਖੇਤਰਾਂ ਵਿੱਚ ਪਕੜ ਸੀ, ਜਦਕਿ ਭਾਜਪਾ ਸ਼ਹਿਰੀ ਹਿੰਦੂ ਵੋਟਰਾਂ ਵਿੱਚ ਮਜ਼ਬੂਤ ਸੀ।

ਦੂਜਾ ਕਾਰਨ ਸੀ ਸੀਟਾਂ ਦੀ ਵੰਡ। ਅਕਾਲੀ ਦਲ 94 ਅਤੇ ਭਾਜਪਾ 23 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਦੀ ਸੀ। ਦੋਵਾਂ ਪਾਰਟੀਆਂ ਦੇ ਵੋਟ ਵੱਖ-ਵੱਖ ਹੋਣ ਦੀ ਬਜਾਏ ਇੱਕ ਥਾਂ ਇਕੱਠੇ ਪੈਂਦੇ ਸਨ।

ਇਸੇ ਰਣਨੀਤੀ ਦੇ ਆਧਾਰ ’ਤੇ 2012 ਵਿੱਚ ਗਠਜੋੜ ਨੇ 68 ਸੀਟਾਂ ਜਿੱਤ ਕੇ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ। 2020 ਵਿੱਚ ਗਠਜੋੜ ਟੁੱਟਣ ਤੋਂ ਬਾਅਦ ਦੋਵਾਂ ਦੇ ਵੋਟ ਵੰਡ ਗਏ ਅਤੇ 2022 ਦੀਆਂ ਚੋਣਾਂ ਵਿੱਚ ਦੋਵੇਂ ਪਾਰਟੀਆਂ ਸਿੰਗਲ ਡਿਜਿਟ ਸੀਟਾਂ ਤੱਕ ਸਿਮਟ ਗਈਆਂ।