ਚੰਡੀਗੜ੍ਹ/24 ਅਕਤੂਬਰ/ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਮੁਕਤਸਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੇ ਬੇਟੇ ਪਰਮਿੰਦਰ ਸਿੰਘ ਕੋਲਿਆਂਵਾਲੀ ਉੱਤੇ ਲੰਘੀ ਰਾਤ ਕਾਂਗਰਸੀਆਂ ਵੱਲੋਂ ਕੀਤੇ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਕਾਂਗਰਸੀ ਹਕੂਮਤ ਤਹਿਤ ਪੰਜਾਬ ਅੰਦਰ ਪੈਦਾ ਹੋਏ ਜੰਗਲ ਰਾਜ ਦੇ ਲੱਛਣ ਹਨ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਂਦੇ ਹੀ ਅਕਾਲੀ ਆਗੂਆਂ ਅਤੇ ਵਰਕਰਾਂ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ ਸਨ ਅਤੇ ਇਹ ਬਿਨਾਂ ਰੋਕ ਟੋਕ ਤੋਂ ਲਗਾਤਾਰ ਜਾਰੀ ਹਨ। ਉਹਨਾਂ ਕਿਹਾ ਕਿ ਕੋਲਿਆਂਵਾਲੀ ਦੇ ਬੇਟੇ ਵੱਲੋਂ ਆਪਣੀ ਜਾਨ ਨੂੰ ਖਤਰੇ ਸੰਬੰਧੀ ਸੂਬੇ ਦੀ ਪੁਲਿਸ ਨੂੰ ਵਾਰ ਵਾਰ ਕੀਤੀਆਂ ਬੇਨਤੀਆਂ ਦੇ ਬਾਵਜੂਦ ਉਸ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ।  ਕਾਂਗਰਸ ਸਰਕਾਰ ਨੂੰ ਸੂਬੇ ਅੰਦਰ ਚੱਲ ਰਹੀਆਂ ਬਦਲੇਖੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਲੋੜੀਂਦੀ ਸਿਆਸੀ ਇੱਛਾ-ਸ਼ਕਤੀ ਦਾ ਮੁਜ਼ਾਹਰਾ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਸੰਬਲੀ ਚੋਣਾਂ ਤੋਂ ਤੁਰੰਤ ਮਗਰੋਂ ਗੁਰਦਾਸਪੁਰ ਵਿਚ ਅਕਾਲੀ ਆਗੂ ਗੁਰਬਚਨ ਸਿੰਘ ਖਾਲਸਾ ਦੇ ਕਤਲ ਤੋਂ ਲੈ ਕੇ ਅਜਿਹੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਚੱਲਦਾ ਆ ਰਿਹਾ ਹੈ। ਉਸ ਘਟਨਾ ਤੋਂ ਬਾਅਦ ਖੇਮਕਰਨ, ਮਾਨਸਾ, ਫਿਰੋਜ਼ਪੁਰ ਅਤੇ ਮਾਨਸਾ ਸਮੇਤ ਕਿੰਨੀਆਂ ਥਾਵਾਂ ਉਤੇ ਅਕਾਲੀ ਆਗੂਆਂ ਦੇ ਕਤਲ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਵੱਖ ਵੱਖ ਥਾਵਾਂ ਉੱਤੇ ਅਕਾਲੀ ਵਰਕਰਾਂ ਉੱਤੇ ਹਮਲੇ ਹੋਏ ਹਨ। ਬਹੁਤ ਸਾਰੇ ਵਰਕਰਾਂ ਨੂੰ ਨਿਰਵਸਤਰ ਅਤੇ ਛੇੜਖਾਨੀ ਕਰਕੇ ਅਪਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਕਾਲੀ ਸਰਪੰਚਾਂ ਅਤੇ ਕੌਂਸਲਰਾਂ ਨੂੰ ਕਾਂਗਰਸੀ ਪਾਲੇ ਵਿਚ ਲਿਆਉਣ ਵਾਸਤੇ ਉਹਨਾਂ ਖ਼ਿਲਾਫ ਝੂਠੇ ਕੇਸ ਮੜ੍ਹੇ ਜਾ ਰਹੇ ਹਨ। ਇਹ ਕਹਿੰਦਿਆਂ ਕਿ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੁਆਰਾ ਸ਼ੁਰੂ ਕੀਤੇ ਗੁੰਡਾਰਾਜ ਨੇ ਸਮਾਜ-ਵਿਰੋਧੀ ਅਤੇ ਰਾਸ਼ਟਰ-ਵਿਰੋਧੀ ਅਨਸਰਾਂ ਦੇ ਹੌਂਸਲੇ ਵਧਾ ਦਿੱਤੇ ਹਨ। ਉਹਨਾਂ ਕਿਹਾ ਕਿ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੇ ਲਈ ਸੂਬੇ ਅੰਦਰ ਕਿੰਨੇ ਹੀ ਕਤਲ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਲੁਧਿਆਣਾ ਵਿਚ ਪਾਦਰੀ ਸੁਲਤਾਨ ਮਸੀਹ ਦਾ ਕਤਲ ਹੋ ਗਿਆ ਸੀ ਅਤੇ ਹਾਲ ਹੀ ਵਿਚ ਆਰਐਸਐਸ ਆਗੂ ਰਵਿੰਦਰ ਗੋਸਾਂਈ ਦਾ ਵੀ ਲੁਧਿਆਣਾ ਵਿਖੇ ਕਤਲ ਕਰ ਦਿੱਤਾ ਗਿਆ ਸੀ।