ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਸੁਖਬੀਰ ਬਾਦਲ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਲਈ ਅੱਜ ਸਦਨ ਦੀ ਇੱਕ ਕਮੇਟੀ ਕਾਇਮ ਕਰਨ ਦਾ ਐਲਾਨ ਕੀਤਾ। ਇਸ ਕਮੇਟੀ ਦੀ ਅਗਵਾਈ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਕਰਨਗੇ।
ਅਜਿਹੀ ਕਮੇਟੀ ਕਾਇਮ ਕਰਨ ਦਾ ਸੁਝਾਅ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਸੀ। ਚੇਤੇ ਰਹੇ ਕਿ ਸ੍ਰੀ ਸੁਖਬੀਰ ਬਾਦਲ ਨੇ ਦੋਸ਼ ਲਾਇਆ ਸੀ ਕਿ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਐਤਵਾਰ ਦੀ ਰਾਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ ਸੀ।
ਇਸ ਤੋਂ ਪਹਿਲਾਂ ਕੈਪਟਨ ਨੇ ਸੁਖਬੀਰ ਬਾਦਲ ਨੂੰ ‘ਗ਼ਲਤ-ਬਿਆਨੀ ਦਾ ਮਾਹਿਰ` ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਗ਼ਲਤ ਸੂਚਨਾ ਦੇ ਕੇ ਸਦਨ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਦਾ ਮੰਤਵ ਸਿਰਫ਼ ਗਲਤ ਸੂਚਨਾਵਾਂ ਫੈਲਾਉਣਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ – ‘ਸੁਖਬੀਰ ਬਾਦਲ ਨੇ ਸ਼ੇਖ਼ੀ ਮਾਰਨ ਲਈ ਦਾਦੂਵਾਲ ਨਾਲ ਜਿਹੜੀਆਂ ਤਸਵੀਰਾਂ ਵਿਖਾਈਆਂ ਹਨ, ਉਹ ਪੰਜਾਬ ਭਵਨ `ਚ ਉਨ੍ਹਾਂ ਦੀ ਇੱਕ ਵਫ਼ਦ ਨਾਲ ਹੋਈ ਮੀਟਿੰਗ ਦੌਰਾਨ ਖਿੱਚੀਆਂ ਗਈਆਂ ਸਨ।ਉਹ ਕੋਈ ਖ਼ੁਫ਼ੀਆ ਮੀਟਿੰਗ ਨਹੀਂ ਸੀ, ਸਗੋਂ ਉਸ ਮੁਲਾਕਾਤ ਦੀ ਮੀਡੀਆ `ਚ ਵੱਡੇ ਪੱਧਰ `ਤੇ ਚਰਚਾ ਹੋਈ ਸੀ।`
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਦਾਦੂਵਾਲ ਪੰਜ ਬੰਦਿਆਂ `ਚ ਖਲੋਤੇ ਹੋਣ, ਤਾਂ ਉਹ ਉਨ੍ਹਾਂ ਨੂੰ ਪਛਾਣ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਸਦਨ ਦੀ ਕਮੇਟੀ ਵੱਲੋਂ ਕੀਤੀ ਜਾਣ ਵਾਲੀ ਜਾਂਚ ਸੁਖਬੀਰ ਬਾਦਲ ਦੇ ਸਾਰੇ ਝੂਠਾਂ ਦਾ ਪਰਦਾਫ਼ਾਸ਼ ਕਰੇਗੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਸਕਦੀ ਹੈ।