ਚੰਡੀਗੜ੍ਹ – ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੂਰੇ ਇਕ ਹਫ਼ਤੇ ਤੋਂ ਬਾਅਦ ਪਿਛਲੀ ਅਕਾਲੀ-ਭਾਜਪਾ ਸਰਕਾਰ, ਖਾਸਕਰ ਸੁਖਬੀਰ ਬਾਦਲ ‘ਤੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਵਲੋਂ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਕਰਵਾ ਕੇ ਕਰੋੜਾਂ ਦੇ ਨਿਵੇਸ਼ ਦੇ ਦਾਅਵੇ ਕੀਤੇ ਗਏ ਪਰ ਉਸਦੀ ਅਸਲੀਅਤ ਕੁੱਝ ਹੋਰ ਹੀ ਹੈ।
ਸੁਖਬੀਰ ਬਾਦਲ ਦੀ ਖੋਟੀ ਨੀਅਤ ਦੀ ਵਜ੍ਹਾ ਕਾਰਨ ਵੱਡੇ-ਵੱਡੇ ਕਾਰਪੋਰੇਟ ਘਰਾਣੇ ਸੰਮੇਲਨਾਂ ਵਿਚ ਆਉਂਦੇ ਜ਼ਰੂਰ ਰਹੇ ਅਤੇ ਕਰੋੜਾਂ ਨਿਵੇਸ਼ ਦੇ ਸਮਝੌਤੇ ਵੀ ਕਰਦੇ ਰਹੇ ਪਰ ਅਸਲੀਅਤ ਵਿਚ ਨਿਵੇਸ਼ ਨਹੀਂ ਕੀਤਾ। ਸਿੱਧੂ ਨੇ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਦੇ ਨਿਵੇਸ਼ ਸਬੰਧੀ ਦਾਅਵੇ ‘ਖੋਦਿਆ ਪਹਾੜ ਤੇ ਨਿਕਲਿਆ ਚੂਹਾ ਵੀ ਨਹੀਂ’ ਹਨ ਕਿਉਂਕਿ ਇਥੇ ਤਾਂ ਚੂਹਾ ਵੀ ਨਹੀਂ ਨਿਕਲਿਆ। ਸਿੱਧੂ ਨੇ ਦਾਅਵਾ ਕੀਤਾ ਕਿ ਰਾਜ ਦੀ ਮੌਜੂਦਾ ਸਰਕਾਰ ਦੀ ਸਾਕਾਰਾਤਮਕ ਸੋਚ ਅਤੇ ਭਰੋਸੇਯੋਗ ਅਗਵਾਈ ਦੀ ਬਦੌਲਤ ਸਿਰਫ ਕੁਝ ਮਹੀਨਿਆਂ ਦੌਰਾਨ ਹੀ 8400 ਕਰੋੜ ਦਾ ਨਿਵੇਸ਼ ਹੋ ਚੁੱਕਾ ਹੈ ਅਤੇ 40 ਹਜ਼ਾਰ ਕਰੋੜ ਦਾ ਨਿਵੇਸ਼ ਪਾਈਪ ਲਾਈਨ ਵਿਚ ਹੈ। ਇਹ ਸਿਰਫ ਕੈ. ਸਰਕਾਰ ਦੀ ਭਰੋਸੇਯੋਗਤਾ ਦਾ ਨਤੀਜਾ ਹੈ ਕਿ ਇਹ ਨਿਵੇਸ਼ ਕਾਗਜ਼ੀ ਨਹੀਂ, ਸਗੋਂ ਜ਼ਮੀਨੀ ਹਕੀਕਤ ਬਣ ਰਹੇ ਹਨ।
ਆਪਣੀ ਸਰਕਾਰੀ ਰਿਹਾਇਸ਼ ‘ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ (ਦੂਜੇ) ਵਿਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ 1,20,196 ਕਰੋੜ ਦੇ 391 ਐੱਮ. ਓ. ਯੂ. ਹੋਏ ਸਨ ਪਰ ਇਨ੍ਹਾਂ ਵਿਚੋਂ ਸਿਰਫ 6652 ਕਰੋੜ ਦੇ 46 ਐੱਮ. ਓ. ਯੂ. ਹੀ ਕਾਮਯਾਬ ਹੋਏ ਅਤੇ ਬਾਕੀਆਂ ਨੇ ਤਤਕਾਲੀਨ ਪੰਜਾਬ ਸਰਕਾਰ ‘ਤੇ ਕੋਈ ਵਿਸ਼ਵਾਸ ਨਹੀਂ ਜਤਾਇਆ ਸੀ। ਸਿੱਧੂ ਨੇ ਕਿਹਾ ਕਿ ਐੱਮ. ਓ. ਯੂ. ਵਿਚ 84 ਸਮਝੌਤੇ ਰੀਅਲ ਅਸਟੇਟ ਕੰਮਕਾਜ ਦੇ ਸਨ, ਜਿਨ੍ਹਾਂ ਵਿਚ 59,102 ਕਰੋੜ ਦਾ ਨਿਵੇਸ਼ ਹੋਣ ਦੀ ਗੱਲ ਕਹੀ ਗਈ ਸੀ ਪਰ ਇਨ੍ਹਾਂ ‘ਚ ਸਿਰਫ 2039 ਕਰੋੜ ਦਾ ਹੀ ਨਿਵੇਸ਼ ਹੋਇਆ।
ਉਨ੍ਹਾ ਕਿਹਾ ਕਿ ਸੁਖਬੀਰ ਨੇ ਦਾਅਵਾ ਕੀਤਾ ਸੀ ਕਿ ਸਾਲ 2015 ਵਿਚ ਹੋਏ ਸਮਝੌਤੇ ਨਾਲ 5 ਲੱਖ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਪਰ ਉਸ ਸਮੇਂ ਰਜਿਸਟਰਡ ਬੇਰੋਜ਼ਗਾਰਾਂ ਦੀ ਗਿਣਤੀ ਹੀ ਸਵਾ ਤਿੰਨ ਲੱਖ ਸੀ ਤੇ ਜਿਸ ਤਰ੍ਹਾਂ ਨਿਵੇਸ਼ ਵੀ ਹਵਾ-ਹਵਾਈ ਸੀ, ਉਸੇ ਤਰ੍ਹਾਂ ਰੋਜ਼ਗਾਰ ਦੇ ਦਾਅਵੇ ਵੀ।