ਚੰਡੀਗੜ੍ਹ : ਛੇ ਦਹਾਕਿਆਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਅਤੇ ਮੌਜੂਦਾ ਸਮੇਂ ਵਿਚ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਸ਼ਨੀਵਾਰ ਨੂੰ ਅਕਾਲੀ ਦਲ ‘ਚੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਚਰਚਾ ਹੈ ਕਿ ਢੀਂਡਸਾ ਨੇ ਇਹ ਕਦਮ ਅਕਾਲੀ ਲੀਡਰਸ਼ਿਪ ਤੋਂ ਨਾਰਾਜ਼ਗੀ ਦੇ ਚੱਲਦਿਆਂ ਚੁੱਕਿਆ ਹੈ। ਅਸਤੀਫੇ ਦੀ ਨਾਰਾਜ਼ਗੀ ਨਾਲ ਕੜੀ ਇਸ ਕਰਕੇ ਜੁੜਦੀ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਵਿਧਾਨ ਸਭਾ ਸੈਸ਼ਨ ‘ਚ ਅਕਾਲੀ ਦਲ ਦੇ ਨਾ ਬੈਠਣ ਦੇ ਫੈਸਲੇ ਤੋਂ ਬਾਅਦ ਸੀਨੀਅਰ ਲੀਡਰਸ਼ਿਪ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ, ਜਿਸ ਵਿਚ ਤੋਤਾ ਸਿੰਘ ਸਮੇਤ, ਢੀਂਡਸਾ ਨੇ ਵੀ ਅਕਾਲੀ ਦੇ ਸੈਸ਼ਨ ਦੇ ਬਾਈਕਾਟ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਅਕਾਲੀ ਦਲ ਨੂੰ ਪਾਰਟੀ ਦੀਆਂ ਖਾਮੀਆਂ ‘ਤੇ ਮੰਥਣ ਕਰਨ ਦੀ ਲੋੜ ਹੈ।
ਇਸ ਤੋਂ ਇਲਾਵਾ ਕਈ ਟੀ. ਵੀ. ਚੈਨਲਾਂ ‘ਤੇ ਸੁਖਦੇਵ ਸਿੰਘ ਢੀਂਡਸਾ ਨੇ ਜਿੱਥੇ ਸੀਨੀਅਰ ਲੀਡਰਸ਼ਿਪ ਦੀ ਬਹੁਤੀ ਪੁੱਛ ਪੜਤਾਲ ਨਾ ਹੋਣ, ਡੇਰਾ ਸਿਰਸਾ ਮੁਖੀ ਦੀ ਮੁਆਫੀ ਨੂੰ ਗਲਤ ਕਹਿਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲਣ ਦੀ ਗੱਲ ਵੀ ਕਹੀ ਸੀ। ਉਥੇ ਚਰਚਾ ਹੈ ਕਿ ਅਕਾਲੀ ਸਰਕਾਰ ਦੌਰਾਨ ਬੇਅਦਬੀ ਮਾਮਲਿਆਂ ਦੀ ਪੁਖਤਾ ਜਾਂਚ ਨਾ ਹੋ ਸਕਣ ਕਾਰਨ ਵੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਾ ਇਕ ਖੇਮਾ ਨਾਰਾਜ਼ ਚੱਲ ਰਿਹਾ ਹੈ।
ਸਿਆਸੀ ਮਹਿਰ ਇਹ ਵੀ ਕਹਿੰਦੇ ਹਨ ਕਿ ਵੱਡੇ ਬਾਦਲ ਦੇ ਹਾਣ ਦੇ ਲੀਡਰਾਂ ਦੀ ਸੁਖਬੀਰ ਬਾਦਲ ਦੇ ਨਾਲ ਤਾਰ ਬਹੁਤੀ ਜੁੜਦੀ ਨਹੀਂ, ਇਸੇ ਕਰਕੇ ਸ਼ਾਇਦ ਸੁਖਬੀਰ ਸਿੰਘ ਬਾਦਲ ਦੇ ਨਾਲ ਨੌਜਵਾਨ ਲੀਡਰਾਂ ਦੀ ਮੌਜੂਦਗੀ ਜ਼ਿਆਦਾ ਰਹਿੰਦੀ ਹੈ। ਢੀਂਡਸਾ ਤੋਂ ਬਾਅਦ ਇਹ ਵੀ ਖਬਰਾਂ ਸੁਨਣ ਮਿਲ ਰਹੀਆਂ ਹਨ ਕਿ ਜਲਦ ਹੀ ਮਾਝੇ ‘ਚੋਂ ਵੀ ਅਕਾਲੀ ਦਲ ਦਾ ਇਕ ਸੀਨੀਅਰ ਲੀਡਰ ਅਸਤੀਫੇ ਦੀ ਤਿਆਰੀ ‘ਚ ਬੈਠਾ ਹੈ।