ਚੰਡੀਗੜ, 13 ਸਤੰਬਰ

ਪੰਜਾਬ ਕਾਂਗਰਸ ਨੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਵੱਲੋਂ 1984 ਦੇ ਦੰਗੇ ਅਤੇ ਨਸ਼ਿਆਂ ਦੇ ਮਸਲੇ’ਤੇ ਰਾਹੁਲ ਗਾਂਧੀ ਖਿਲਾਫ਼ ਕੀਤੀ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਦੀ ਕਰੜੀ ਅਲੋਚਨਾ ਕਰਦਿਆਂ ਆਖਿਆ ਕਿ ਅਮਰੀਕਾ ਦੀ ਯੂਨੀਵਰਸਿਟੀ ਆਫ਼ ਬਰਕਲੇ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਦੇ ਭਾਸ਼ਣ ਨੇ ਭਾਜਪਾ ਅਤੇ ਉਸ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਸਮੇਤ ਕਈਆਂ ਦੇ ਖੰਭ ਕੁਤਰ ਦਿੱਤੇ ਹਨ ਜੋ ਹੁਣ ਹੋਛੇਪਣ ਅਤੇ ਝੂਠ ਦਾ ਸਹਾਰਾ ਲੈ ਕੇ ਹੱਥ-ਪੈਰ ਮਾਰ ਰਹੇ ਹਨ।

ਕਾਂਗਰਸੀ ਨੇਤਾਵਾਂ ਨੇ ਅੱਜ ਜਾਰੀ ਇਕ ਬਿਆਨ ਰਾਹੀਂ ਆਖਿਆ ਕਿ ਅਕਾਲੀ ਨੇਤਾਵਾਂ ਨੇ ਰਾਹੁਲ ’ਤੇ ਹਮਲਾ ਕਰਕੇ ਭਾਜਪਾ ਦੀ ਖੁਸ਼ਾਮਦੀਦ ਕੀਤੀ ਹੈ ਕਿਉਂ ਜੋ ਭਾਰਤੀ ਜਨਤਾ ਪਾਰਟੀ ਕਾਂਗਰਸੀ ਲੀਡਰ ਵੱਲੋਂ ਇਸ ਪਾਰਟੀ ਖਿਲਾਫ਼ ਲਾਏ ਠੋਸ ਦੋਸ਼ਾਂ ਦਾ ਸਾਹਮਣਾ ਕਰਨ ਲਈ ਤਿਲਮਲਾ ਰਹੀ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਕਾਂਗਰਸੀ ਵਿਧਾਇਕ ਓ.ਪੀ. ਸੋਨੀ,ਡਾ. ਰਾਜ ਕੁਮਾਰ ਵੇਰਕਾ, ਸੁਖ ਸਰਕਾਰੀਆ, ਸੁਖਵਿੰਦਰ ਸਿੰਘ ਡੈਨੀ, ਸੁਖਪਾਲ ਸਿੰਘ ਭੁੱਲਰ, ਸੁਖਜਿੰਦਰ ਸਿੰਘ ਰੰਧਾਵਾ,ਹਰਦਿਆਲ ਸਿੰਘ ਕੰਬੋਜ ਤੇ ਕੁਲਜੀਤ ਸਿੰਘ ਨਾਗਰਾ, ਪਾਰਟੀ ਦੇ ਸੂਬਾਈ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪਾਰਟੀ ਦੇ ਕਈ ਜ਼ਿਲਾ ਪ੍ਰਧਾਨਾਂ ਨੇ ਇਕ ਸਾਂਝੇ ਬਿਆਨ ਰਾਹੀਂ ਆਖਿਆ ਕਿ ਸੁਖਬੀਰ ਅਤੇ ਹਰਸਿਮਰਤ ਅਕਾਲੀ ਦਲ ਰਾਹੀਂ ਲੜਖੜਾਈ ਹੋਈ ਭਾਜਪਾ ਦਾ ਬਚਾਅ ਕਰਨ ਦੀ ਸਪੱਸ਼ਟ ਕੋਸ਼ਿਸ਼ ਕਰ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਦੇ ਗੈਰ-ਜਮਹੂਰੀ ਕੰਮਕਾਜ ਅਤੇ ਸਾਰੇ ਮੁੱਖ ਖੇਤਰਾਂ ’ਤੇ ਪੂਰੀ ਤਰਾਂ ਨਾਕਾਮ ਰਹਿਣ ਦੀ ਡਟਵੀਂ ਅਲੋਚਨਾ ਕਰਕੇ ਇਸ ਪਾਰਟੀ ਨੂੰ ਬਿਲਕੁਲ ਨੁੱਕਰੇ ਲਾ ਦਿੱਤਾ।

ਪਾਰਟੀ ਦੇ ਜ਼ਿਲਾ ਪ੍ਰਧਾਨਾਂ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੀ ਬਾਦਲਾਂ ਨੇ 1984 ਦੇ ਦੰਗਿਆਂ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਅਤੇ ਸੂਬੇ ਵਿੱਚ ਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਲਾਂਭੇ ਕਰਨ ਲਈ ਅਕਾਲੀ-ਭਾਜਪਾ ਦੀਆਂ ਦੋ-ਮੂੰਹੀ ਕੋਸ਼ਿਸ਼ਾਂ ਨੂੰ ਪੰਜਾਬੀਆਂ ਨੇ ਪੂਰੀ ਤਰਾਂ ਰੱਦ ਕਰ ਦਿੱਤਾ ਸੀ ਪਰ ਲਗਦਾ ਹੈ ਕਿ ਉਹ ਉਨਾਂ ਗੱਲਾਂ ਨੂੰ ਭੁੱਲ ਗਏ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ 1984 ਦੇ ਦੰਗਿਆਂ ਦੇ ਮਾਮਲੇ ’ਤੇ ਲੋਕਾਂ ਨੂੰ ਗੁੰਮਰਾਹ ਕਰਨ ’ਚ ਨਾਕਾਮ ਰਹਿਣ ਦੇ ਬਾਵਜੂਦ ਅਕਾਲੀ-ਭਾਜਪਾ ਮੁਸੀਬਤਾਂ ਵਿੱਚ ਫਸਣ ਵੇਲੇ ਇਹ ਮੁੱਦਾ ਫਿਰ ਚੁੱਕਣ ਦੀ ਨਾਕਾਮ ਕੋਸ਼ਿਸ਼ ਕਰਦੇ ਹਨ। ਹੁਣ ਇਨਾਂ ਨੇ ਰਾਹੁਲ ਗਾਂਧੀ ਦੇ ਜ਼ਬਰਦਸਤ ਭਾਸ਼ਣ ਦੀ ਕਾਟ ਲਈ ਫਿਰ ਇਸ ਮੁੱਦੇ ਦਾ ਸਹਾਰਾ ਲੈਣ ਦਾ ਅਸਫਲ ਯਤਨ ਕੀਤਾ।

ਕਾਂਗਰਸ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਸ਼ਿਆਂ ਦੇ ਮਾਮਲੇ ’ਤੇ ਵੀ ਉਸੇ ਤਰਾਂ ਦੇ ਦਾਅ-ਪੇਚ ਅਪਣਾਏ ਜਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਪੱਧਰ ’ਤੇ ਨਸ਼ਿਆਂ ਦੇ ਹੋਣ ਦੇ ਬਾਵਜੂਦ ਬਾਦਲਾਂ ਨੇ ਆਪਣੇ ਕਾਰਜਕਾਲ ਦੌਰਾਨ ਇਸ ਨਾਜ਼ੁਕ ਸਮੱਸਿਆ ਨੂੰ ਖਤਮ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

ਪੰਜਾਬ ਕਾਂਗਰਸ ਨੇ ਕਿਹਾ ਕਿ ਅਸਲ ਤੱਥ ਇਹ ਹਨ ਕਿ ਅਕਾਲੀ ਖੁਦ ਅਪਰੇਸ਼ਨ ਬਲੂ ਸਟਾਰ ਦੇ ਸਬੰਧ ਵਿੱਚ ਅੱਤਵਾਦੀ ਖੂਨ-ਖਰਾਬੇ ਲਈ ਜ਼ਿੰਮੇਵਾਰ ਹਨ। ਪੰਜਾਬ ਦੇ ਸੰਕਟ ਸਮੇਂ ਪ੍ਰਕਾਸ਼ ਸਿੰਘ ਬਾਦਲ ਅੱਤਵਾਦੀਆਂ ਦੇ ਨਾਲ ਘਿਓ ਖਿਚੜੀ ਸੀ। ਅਸਲ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਤਾਂ ਅਪਰੇਸ਼ਨ ਬਲੂ ਸਟਾਰ ਦੌਰਾਨ ਲੋਕਾਂ ਨੂੰ ਸੱਦਿਆ ਸੀ ਪਰ ਫੌਜ ਵੱਲੋਂ ਹਰਿਮੰਦਰ ਸਾਹਿਬ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਹ ਖੁਦ ਅੱਡੀਆਂ ਨੂੰ ਥੁੱਕ ਲਾ ਕੇ ਫਰਾਰ ਹੋ ਗਿਆ ਸੀ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿੱਚ ਅੱਤਵਾਦ ਦੇ ਸਿਖਰ ਵੇਲੇ ਸੁਖਬੀਰ ਨੂੰ ਅਮਰੀਕਾ ਭੇਜ ਦਿੱਤਾ। ਉਨਾਂ ਕਿਹਾ ਕਿ ਸੁਖਬੀਰ ਨੂੰ ਇਸ ਸਮੁੱਚੇ ਘਟਨਾਕ੍ਰਮ ਵਿੱਚ ਆਪਣੇ ਪਰਿਵਾਰ ਅਤੇ ਪਾਰਟੀ ਦੀ ਭੂਮਿਕਾ ਦਾ ਜ਼ਿਕਰ ਕੀਤੇ ਬਿਨਾਂ ਅੱਤਵਾਦੀ ਹਿੰਸਾ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹੀ ਅਕਾਲੀ ਸੂਬੇ ਵਿੱਚ ਨਸ਼ਿਆਂ ਦੇ ਪਾਸਾਰ ਲਈ ਵੀ ਜ਼ਿੰਮੇਵਾਰ ਹਨ ਜਿਨਾਂ ਨੇ ਆਪਣੇ ਪਿਛਲੇ 10 ਸਾਲ ਦੇ ਸ਼ਰਮਨਾਕ ਕੁਸ਼ਾਸਨ ਨਾਲ ਨਸ਼ਾ ਮਾਫੀਆ ਨੂੰ ਵਧਣ-ਫੁੱਲਣ ਦੀ ਖੁਲੀ ਛੁੱਟੀ ਦਿੱਤੀ ਸੀ। ਉਨਾਂ ਕਿਹਾ ਕਿ ਪੀ.ਜੀ.ਆਈ.ਐਮ.ਈ.ਆਰ. ਦੇ ਅੰਕੜਿਆਂ ਨੂੰ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਲਈ ਵਰਤਿਆ ਹੈ ਜੋ ਕਿ ਸੂਬੇ ਦੀ ਮੌਜੂਦਾ ਸਥਿਤੀ ਸਬੰਧੀ ਹਨ। ਇਹ ਅੰਕੜੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵੱਲੋਂ ਨਸ਼ਿਆਂ ’ਤੇ ਵੱਡੀ ਪੱਧਰ ਉੱਤੇ ਕੰਟਰੋਲ ਕੀਤੇ ਜਾਣ ਤੋਂ ਬਾਅਦ ਦੇ ਹਨ।

ਉਨਾਂ ਪੁੱਛਿਆ ਕਿ ਇਨਾਂ ਹਾਲਤਾਂ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਉਨਾਂ ਦੀ ਪਤਨੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਕਿਹੜੇ ਮੂੰਹ ਨਾਲ 1984 ਦੇ ਦੰਗਿਆਂ ਅਤੇ ਨਸ਼ਿਆਂ ਦੀ ਗੱਲ ਕਰ ਰਹੇ ਹਨ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਸੁਖਬੀਰ ਅਤੇ ਹਰਸਿਮਰਤ ਦੀਆਂ ਰਾਹੁਲ ਦੇ ਭਾਸ਼ਣ ਸਬੰਧੀ ਟਿੱਪਣੀਆਂ ਸਿਰਫ ਭਾਜਪਾ ਦੀ ਮਦਦ ਕਰਨ ਨਾਲ ਸਬੰਧਤ ਹਨ ਜਿਸ ਦਾ ਚਿਹਰਾ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਰਾਹੀਂ ਪੇਸ਼ ਕੀਤੇ ਤੱਥਾਂ ਨਾਲ ਪੂਰੀ ਤਰਾਂ ਨੰਗਾ ਕਰ ਦਿੱਤਾ ਹੈ ਅਤੇ ਇਸ ਸਬੰਧ ਵਿੱਚ ਭਾਜਪਾ ਦੇ ਆਗੂਆਂ ਨੇ ਬੇਤੁੱਕੇ ਜਵਾਬ ਦਿੱਤੇ ਹਨ। ਰਾਹੁਲ ਗਾਂਧੀ ਦੇ ਤੱਥਾਂ ਦੇ ਮੁਕਾਬਲੇ ਉਚਿਤ ਜਵਾਬ ਦੇਣ ਵਿੱਚ ਅਸਫਲ ਰਹਿਣ ਕਾਰਨ ਭਾਜਪਾ ਦੇ ਸਮਰਥਕ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਢਕਵੰਜ ਕਰਨਾ ਸ਼ੁਰੂ ਕਰ ਦਿੱਤਾ।

ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਨੇ ਕਿਹਾ ਕਿ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਵੱਲੋਂ ਬਰਕਲੇ ਭਾਸ਼ਣ ਦੌਰਾਨ ਭਾਜਪਾ ਨੂੰ ਪੂਰੀ ਤਰਾਂ ਨੰਗਾ ਕਰ ਦਿੱਤਾ ਹੈ ਜੋ ਆਪਣੀ ਵੱਕਾਰ ਦੀ ਰਾਖੀ ਦੀ ਕੋਸ਼ਿਸ਼ ਵਜੋਂ ਸਾਰੇ ਪਾਸਿਓਂ ਤੋਂ ਹਮਲੇ ਕਰਵਾ ਰਹੀ ਹੈ।