-ਪੁੱਛਿਆ, ਕੀ ਪ੍ਰਕਾਸ਼ ਸਿੰਘ ਬਾਦਲ ‘ਸਾਹਿਬ’ ਆਪਣੀ ਹੀ ਪਾਰਟੀ ਵਿਚ ਹੋ ਚੁੱਕੇ ਹਨ ਬੇਅਸਰ
ਚੰਡੀਗੜ, 14 ਸਤੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਬਾਦਲ ਰਾਜ ਵਿਚ ਵਾਪਰੀਆਂ ਬਹਿਬਲ ਕਲਾਂ ਅਤੇ ਕੋਟਕਪੁਰੇ ਦੀਆਂ ਘਟਨਾਵਾਂ ਲਈ ਮਾਫੀ ਮੰਗਣ ਦੀ ਬਜਾਏ ਫਰੀਦਕੋਟ ਜ਼ਿਲੇ ਵਿਚ ਰੈਲੀ ਦਾ ਐਲਾਣ ਕਰਕੇ ਇਕ ਵਾਰ ਫਿਰ ਨਾ ਸਿਰਫ ਸਿੱਖ ਹਿਰਦਿਆਂ ਨੂੰ ਵਲੂੰਧਰਿਆਂ ਹੈ ਸਗੋਂ ਇਸ ਰੈਲੀ ਲਈ ਅਜਿਹੇ ਸਥਾਨ ਦੀ ਚੋਣ ਕਰਨਾ ਇਸਦੇ ਆਗੂਆਂ ਦੇ ਹੰਕਾਰ ਦੀ ਇੰਤਹਾ ਦਾ ਹੀ ਪ੍ਰਤੀਕ ਹੈ।
ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਜਦ ਹੁਣ ਬਹਿਬਲ ਕਲਾਂ ਗੋਲੀਕਾਂਡ ਜਿਸ ਵਿਚ ਦੋ ਨਿਰਦੋਸ ਸਿੱਖ ਮਾਰੇ ਗਏ ਸਨ ਦੇ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ ਤਾਂ ਉਸੇ ਇਲਾਕੇ ਵਿਚ ਆ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਵੱਲੋਂ ਰੈਲੀ ਰਾਹੀਂ ਸ਼ਕਤੀ ਪ੍ਰਦਰਸ਼ਨ ਕਰਨ ਦਾ ਐਲਾਣ ਕਰਨਾ ਪੂਰੀ ਸਿੱਖ ਕੌਮ ਨੂੰ ਵੰਗਾਰਨ ਵਾਂਗ ਹੈ। ਉਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਸਥਾਨ ਅਤੇ ਸਮੇਂ ਦੀ ਚੋਣ ਸਮੂਹ ਪੰਜਾਬੀਆਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਏਗੀ। ਉਨਾਂ ਸਵਾਲ ਕੀਤਾ ਕਿ ਇਸ ਗੋਲੀਕਾਂਡ ਦਾ ਸੱਚ ਸਾਹਮਣੇ ਆ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਆਪਣੇ ਗ੍ਰਹਿ ਮੰਤਰੀ ਹੁੰਦਿਆਂ ਵਾਪਰੇ ਗੋਲੀਕਾਂਡ ਲਈ ਮਾਫੀ ਮੰਗ ਕੇ ਜ਼ਖਮਾਂ ਤੇ ਮੱਲਮ ਲਗਾਉਣ ਦੀ ਕੋਸ਼ਿਸ ਕਰਦੇ ਪਰ ਉਨਾਂ ਵੱਲੋਂ ਇਸ ਤਰਾਂ ਰੈਲੀ ਕਰਕੇ ਗੋਲੀਕਾਂਡ ਦਾ ਜਸਨ ਮਨਾਉਣਾ ਸਿੱਖ ਮਾਨਸਿਕਤਾ ਨੂੰ ਹੋਰ ਵੀ ਗਹਿਰੇ ਜਖ਼ਮ ਦੇਵੇਗਾ।
ਸ੍ਰੀ ਸੁਨੀਲ ਜਾਖੜ ਨੇ ਸੁਖਬੀਰ ਸਿੰਘ ਬਾਦਲ ਦੇ ਅਖੌਤੀ ਮਾਡਰਨ ਅਕਾਲੀ ਦਲ ਨੂੰ ਸਵਾਲ ਕੀਤਾ ਕਿ ਨਾਮ ਜਾਪ ਕਰ ਰਹੀਆਂ ਨਿਰਦੋਸ਼ ਸੰਗਤਾਂ ਤੇ ਗੋਲੀ ਚਲਾ ਕੇ ਹਮਲਾ ਤਾਂ ਉਹ ਤਿੰਨ ਸਾਲ ਪਹਿਲਾਂ ਹੀ ਕਰ ਚੁੱਕੇ ਹਨ, ਅਜਿਹੇ ਵਿਚ ਹੁਣ ਉਨਾਂ ਦੀ ਕਥਿਤ ਹਮਲਾਵਰ ਨੀਤੀ ਪੰਜਾਬ ਦਾ ਹੋਰ ਵੀ ਘਾਣ ਕਰੇਗੀ। ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਉਸਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਦੀ ਪੁਲਿਸ ਕਾਰਵਾਈ ਕਾਰਨ ਪਹਿਲਾਂ ਹੀ ਸਿੱਖ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚੀ ਹੈ ਅਜਿਹੇ ਵਿਚ ਉਸੇ ਸਥਾਨ ਤੇ ਜਾ ਕੇ ਸਿਆਸੀ ਰੈਲੀ ਕਰਨਾ ਸੁਖਬੀਰ ਸਿੰਘ ਬਾਦਲ ਦੇ ਟੋਲੇ ਦੀ ਸਿੱਖ ਮਾਨਸਿਕਤਾ ਨੂੰ ਹੋਰ ਡੁੰਘੇ ਜਖ਼ਮ ਦੇਣ ਦੀ ਸੋਚੀ ਸਮਝੀ ਕੋਸ਼ਿਸ ਹੀ ਸਮਝਿਆ ਜਾਵੇਗਾ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਬੇਸ਼ਕ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਅਖੌਤੀ ਮਾਡਰਨ ਅਕਾਲੀ ਸਾਥੀ ਅਜਿਹੇ ਕਰਕੇ ਸਿੱਖ ਮਾਨਸਿਕਤਾ ਨੂੰ ਨਵੀਂ ਵੰਗਾਰ ਦੇ ਰਹੇ ਹਨ, ਪਰ ਇਤਿਹਾਸ ਗਵਾਹ ਰਿਹਾ ਹੈ ਕਿ ਸਿੱਖਾਂ ਨੇ ਹਮੇਸਾਂ ਅਜਿਹੀ ਚੁਣੌਤੀ ਦਾ ਮੁੰਹ ਤੋੜਵਾਂ ਜਵਾਬ ਦਿੱਤਾ ਹੈ। ਉਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਇਸਦੇ ਸਹਿਯੋਗੀ ਟੋਲੇ ਖਿਲਾਫ ਲੋਕਾਂ ਦਾ ਗੁੱਸਾ ਹੁਣ ਘੋਰ ਘ੍ਰਿਣਾ ਵਿਚ ਬਦਲਣ ਲੱਗਿਆ ਹੈ।
ਸ੍ਰੀ ਜਾਖੜ ਨੇ ਇਸ ਮੌਕੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ‘ਸਾਹਿਬ’ ਨੂੰ ਵੀ ਸਵਾਲ ਕੀਤਾ ਕਿ ਕੀ ਉਹ ਆਪਣੀ ਪਾਰਟੀ ਵਿਚ ਇਸ ਕਦਰ ਬੇਅਸਰ ਹੋ ਗਏ ਹਨ ਕਿ, ਸਿੱਖ ਵਿਚਾਰਾਧਾਰਾ ਦੇ ਡੁੰਘਾਈ ਨਾਲ ਜਾਣੂ ਹੋਣ ਦੇ ਬਾਵਜੂਦ ਵੀ ਆਪਣੀ ਅਗਲੀ ਪੀੜੀ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਵਰਜ ਤੱਕ ਨਹੀਂ ਸਕਦੇ ਜਾਂ ਫਿਰ ਉਨਾਂ ਦੀ ਆਪਣੀ ਇਸ ਸਭ ਕੁਝ ਵਿਚ ਸਹਿਮਤੀ ਹੈ। ਉਨਾਂ ਟਕਸਾਲੀ ਅਕਾਲੀ ਆਗੂਆਂ ਨੂੰ ਵੀ ਸਵਾਲ ਕੀਤਾ ਕਿ ਕੀ ਬਹਿਬਲ ਕਲਾਂ ਗੋਲੀਕਾਂਡ ਦੇ ਤਿੰਨ ਸਾਲ ਪੂਰੇ ਹੋਣ ਤੇ ਸੁਖਬੀਰ ਵੱਲੋਂ ਕੀਤੀ ਜਾ ਰਹੀ ਰੈਲੀ ਦੀ ਸਟੇਜ ਤੇ ਬੈਠਣਾ, ਸੁਖਬੀਰ ਬਾਦਲ ਵੱਲੋਂ ਬਤੌਰ ਗ੍ਰਹਿ ਮੰਤਰੀ ਕੀਤੇ ਪਾਪ ਨੂੰ ਸਹੀ ਠਹਿਰਾ ਕੇ ਉਸਦੇ ਪਾਪ ਵਿਚ ਬਰਾਬਰ ਦੀ ਭਾਗੀਦਾਰੀ ਕਬੂਲਣਾ ਨਹੀਂ ਹੋਵੇਗਾ।