ਨਵੀਂ ਦਿੱਲੀ, 30 ਮਈ
ਸੀਬੀਐੱਸਈ ਵੱਲੋਂ ਅੱਜ ਜਾਰੀ ਕੀਤੇ ਗਏ ਦੱਸਵੀਂ ਦੇ ਬੋਰਡ ਦੇ ਨਤੀਜਿਆਂ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਬਾਜ਼ੀ ਮਾਰ ਗਈਆਂ। ਦਿੱਲੀ ਪਬਲਿਕ ਸਕੂਲ, ਗੁੜਗਾਉਂ ਦੇ ਵਿਦਿਆਰਥੀ ਪ੍ਰਖਰ ਮਿੱਤਲ, ਆਰ.ਪੀ. ਪਬਲਿਕ ਸਕੂਲ ਬਿਜਨੌਰ (ਯੂ.ਪੀ.) ਦੀ ਰਿਮਝਿਮ ਅਗਰਵਾਲ, ਸਕੋਟਿਸ਼ ਇੰਟਲ ਸਕੂਲ ਸ਼ਾਮਲੀ (ਯੂ.ਪੀ.) ਦੀ ਨੰਦਿਨੀ ਗਰਗ ਅਤੇ ਭਾਵਾਨਜ ਵਿਦਿਆਲਾ ਕੋਚੀਨ ਦੀ ਸ੍ਰੀਲਕਸ਼ਮੀ ਜੀ. (ਚਾਰੋ ਵਿਦਿਆਰਥੀ) 499 ਅੰਕ ਲੈ ਕੇ ਅੱਵਲ ਰਹੇ। ਸੀਬੀਐਸਈ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੋਰਡ ਪ੍ਰੀਖਿਆ ਲਈ 17,567 ਸਕੂਲਾਂ ਵਿੱਚ 4,460 ਕੇਂਦਰ ਬਣਾਏ ਗਏ ਸਨ। ਇਸ ਪ੍ਰੀਖਿਆ ਲਈ ਕੁਲ 16,24,682 ਵਿਦਿਆਰਥੀ ਰਜਿਸਟਰ ਹੋਏ ਸਨ ਜਿਨ੍ਹਾਂ ਵਿੱਚੋਂ 14,08,594 ਵਿਦਿਆਰਥੀ ਪ੍ਰੀਖਿਆ ’ਚ ਸਫ਼ਲ ਹੋਏ। ਬੋਰਡ ਪ੍ਰੀਖਿਆ ਦਾ ਨਤੀਜਾ 86.70 ਫੀਸਦੀ ਰਿਹਾ। ਬੋਰਡ ਦੇ ਸੂਤਰਾਂ ਅਨੁਸਾਰ ਤਿਰਵੇਂਦਰਮ ਵਿੱਚ ਨਤੀਜਾ 99.60 ਫੀਸਦੀ ਰਿਹਾ। ਚੇਨਈ ਵਿੱਚ 97.37 ਫੀਸਦੀ ਤੇ ਅਜਮੇਰ ਵਿੱਚ 91.86 ਫੀਸਦੀ ਰਿਹਾ ਜਿਥੇ ਇਸ ਵਾਰ ਕੁੜੀਆਂ 88.67 ਫੀਸਦੀ ਨਾਲ ਮੂਹਰੇ ਰਹੀਆਂ ਉਥੇ ਮੁੰਡਿਆਂ ਦਾ ਨਤੀਜਾ 85.32 ਫੀਸਦੀ ਰਿਹਾ। ਸਹਾਇਤਾ ਪ੍ਰਾਪਤ ਸਕੂਲਾਂ ਦਾ ਨਤੀਜਾ 73.46 ਫੀਸਦੀ, ਸਰਕਾਰੀ ਸਕੂਲਾਂ ਦਾ ਨਤੀਜਾ 63.97 ਫੀਸਦੀ, ਜਵਾਹਰ ਨਵੋਦਿਆ ਸਕੂਲਾਂ ਦਾ ਨਤੀਜਾ 97.31 ਫੀਸਦੀ, ਕੇਂਦਰੀ ਵਿਦਿਆਲਿਆ ਦਾ 95.96 ਫੀਸਦੀ ਨਤੀਜਾ ਰਿਹਾ। ਦਿੱਲੀ ਵਿੱਚੋਂ 2,86,660 ਵਿਦਿਆਰਥੀ ਨਾਮਜ਼ਦ ਹੋਏ ਜਿਨ੍ਹਾਂ ਵਿੱਚੋਂ 2,25,361 ਵਿਦਿਆਰਥੀ ਪਾਸ ਹੋਏ ਤੇ ਨਤੀਜਾ 78.62 ਫੀਸਦੀ ਰਿਹਾ। ਇਸ ਪ੍ਰੀਖਿਆ ਵਿੱਚ ਵਿਸ਼ੇਸ਼ ਲੋੜਾਂ ਵਾਲੇ ਕੁੱਲ 3760 ਵਿਦਿਆਰਥੀ ਵੀ ਨਾਮਜ਼ਦ ਹੋਏ ਜਿਨ੍ਹਾਂ ਵਿੱਚੋਂ 3480 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ ਤੇ ਉਨ੍ਹਾਂ ਦਾ ਨਤੀਜਾ 92.55 ਫੀਸਦੀ ਰਿਹਾ।ਪੰਚਕੂਲਾ (ਪੀਪੀ ਵਰਮਾ): ਕੇਂਦਰੀ ਮਧਿਅਮ ਸਕੂਲ ਸਿੱਖਿਆ ਬੋਰਡ (ਸੀ.ਬੀ.ਐਸ.ਸੀ.) ਵੱਲੋਂ 10ਵੀਂ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਚੰਗਾ ਪ੍ਰਦਰਸ਼ਨ ਕਰਦੇ ਹੋਏ ਲੜਕਿਆਂ ਤੋਂ ਅੱਗੇ ਰਹੀਆਂ ਹਨ। ਸੀਬੀਐਸਸੀ ਵੱਲੋਂ ਪੰਚਕੂਲਾ ਸਥਿਤ ਦਫਤਰ ਦੇ ਅਧੀਨ ਆਉਂਦੇ ਉੱਤਰੀ ਭਾਰਤ ਦੇ ਸੂਬਿਆਂ ਦਾ 10ਵੀਂ ਦਾ ਨਤੀਜਾ ਐਲਾਨਿਆ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਸ਼ਾਮਿਲ ਹਨ। ਸੀਬੀਐਸਈ ਪੰਚਕੂਲਾ ਦੇ ਖੇਤਰੀ ਅਧਿਕਾਰੀ ਆਰ. ਜੇ. ਖਾਂਡੇਰਾਓ ਨੇ ਦੱਸਿਆ ਕਿ ਪੰਚਕੂਲਾ ਖੇਤਰ ਦੇ ਕੁੱਲ 241139 ਵਿਦਿਆਰਥੀ ਪ੍ਰੀਖਿਆ ਵਿੱਚੋਂ ਪਾਸ ਹੋਏ ਹਨ, ਜਿਨ੍ਹਾਂ ਵਿੱਚੋਂ 240177 ਰੈਗੂਲਰ ਕੈਂਡੀਡੇਟ ਹਨ। ਉਨ੍ਹਾਂ ਦੱਸਿਆ ਕਿ ਕੁੱਲ ਨਤੀਜਾ 87.65 ਫੀਸਦੀ ਰਿਹਾ ਹੈ। ਉਨ੍ਹਾਂ ਦੱਸਿਆ ਕਿ 10ਵੀਂ ਦੀ ਪ੍ਰੀਖਿਆ 92.08 ਫੀਸਦੀ ਲੜਕੀਆਂ ਨੇ ਜਦੋਂਕਿ 84.64 ਫੀਸਦੀ ਲੜਕਿਆਂ ਨੇ ਪਾਸ ਕੀਤੀ ਹੈ। ਇਸ ਪ੍ਰੀਖਿਆ ਵਿੱਚ ਸਰਕਾਰੀ ਸਕੂਲਾਂ ਦੀਆਂ 55.88 ਫੀਸਦੀ ਲੜਕੀਆਂ ਅਤੇ 48.73 ਫੀਸਦੀ ਲੜਕਿਆਂ ਨੇ ਪ੍ਰੀਖਿਆ ਪਾਸ ਕੀਤੀ ਜਦੋਂਕਿ ਗੈਰ ਸਰਕਾਰੀ ਸਕੂਲਾਂ ਦੀਆਂ 94.44 ਫੀਸਦੀ ਲੜਕੀਆਂ ਅਤੇ 85.85 ਫੀਸਦੀ ਲੜਕਿਆਂ ਨੇ ਪ੍ਰੀਖਿਆ ਪਾਸ ਕੀਤੀ। ਇਸੇ ਤਰ੍ਹਾਂ ਜਵਾਹਰ ਨਵੋਦਿਆ ਵਿੱਦਿਆਲੇ ਦੀਆਂ 98 ਫੀਸਦੀ ਲੜਕੀਆਂ ਅਤੇ 93 ਫੀਸਦੀ ਲੜਕਿਆਂ ਜਦੋਂਕਿ ਕੇ.ਵੀ. ਸਕੂਲਾਂ ਦੀਆਂ 97 ਫੀਸਦੀ ਲੜਕੀਆਂ ਅਤੇ 95 ਫੀਸਦੀ ਲੜਕਿਆਂ ਨੇ ਪ੍ਰੀਖਿਆ ਪਾਸ ਕੀਤੀ।

ਜਾਵੜੇਕਰ ਨੇ ਪਾਸ ਹੋਣ ਵਾਲੇ ਬੱਚਿਆਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ: ਮਨੁੱਖੀ ਸਰੋਤ ਵਿਕਾਸ (ਐਚਆਰਡੀ) ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸੀਬੀਐਸਈ ਦਸਵੀਂ ਦੀ ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਕਿਹਾ ਕਿ 10ਵੀਂ ਦੀ ਪ੍ਰੀਖਿਆ ਬੱਚਿਆਂ ਨੂੰ 12ਵੀਂ ਦੀ ਪ੍ਰੀਖਿਆ ਦੀ ਤਿਆਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।