ਅਟਾਰੀ, ਸਰਹੱਦੀ ਪਿੰਡ ਮੁਹਾਵਾ ਸਥਿਤ 20 ਸਤੰਬਰ 2016 ਦੇ ਦਿਨ ਡਿਫੈਂਸ ਡਰੇਨ ਵਿੱਚ ਸਕੂਲ ਵੈਨ ਡਿੱਗਣ ਸਮੇਂ ਬੱਚਿਆਂ ਦੀ ਜਾਨ ਬਚਾਉਣ ਵਾਲੇ ਲੜਕੇ ਕਰਨਬੀਰ ਸਿੰਘ (17) ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਗੱਲੂਵਾਲ ਦੀ ਬਹਾਦਰੀ ਲਈ ਅੱਜ ਪਿੰਡ ਗੱਲੂਵਾਲ ਵਿੱਚ ਪਹੁੰਚ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਵੱਲੋਂ ਇੱਕ ਲੱਖ ਰੁਪਏ ਦਾ ਚੈੱਕ ਇਨਾਮ ਵਜੋਂ ਭੇਟ ਕੀਤਾ। ਇਸੇ ਦੌਰਾਨ ਉਨ੍ਹਾਂ ਪਿੰਡ ਵਿੱਚ ਦੋ ਪੁਲਾਂ ਦੀ ਮੁਰੰਮਤ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਅੱਜ ਸ੍ਰੀ ਸਿੱਧੂ ਨੇ ਪਿੰਡ ਮੁਹਾਵਾ ਵਿੱਚ ਵਾਪਰੇ ਹਾਦਸੇ ਦੌਰਾਨ ਟੁੱਟੇ ਪੁਲ ਦਾ ਜਾਇਜ਼ਾ ਲਿਆ ਅਤੇ ਇਸ ਹਾਦਸੇ ਦੌਰਾਨ ਬੱਚਿਆਂ ਦੀਆਂ ਜਾਨਾਂ ਬਚਾਉਣ ਵਾਲੇ ਲੜਕੇ ਕਰਨਬੀਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਿੰਡ ਗੱਲੂਵਾਲ ਗਏ। ਉਨ੍ਹਾਂ ਕਰਨਬੀਰ ਤੇ ਉਸ ਦੇ ਪਰਿਵਾਰ ਨੂੰ ਮਿਲ ਕੇ ਸ਼ੁਭ ਇਛਾਵਾਂ ਦਿੱਤੀਆਂ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਕਰਨਬੀਰ ਸਿੰਘ ਨੇ ਹੌਸਲਾ ਦਿਖਾ ਕੇ ਸਾਥੀ ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਈਆਂ ਅਤੇ ਕੌਮੀ ਬਹਾਦਰੀ ਪੁਰਸਕਾਰ ਪ੍ਰਾਪਤ ਕਰਕੇ ਪੰਜਾਬ ਨੂੰ ਮਾਣ ਦਿਵਾਇਆ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਮੁਹਾਵਾ ਦੇ ਬਾਹਰਵਾਰ ਇੱਕ ਹੋਰ ਪੁਲ ਹੈ, ਜੋ ਖਸਤਾਹਾਲ ਹੈ। ਸ੍ਰੀ ਸਿੱਧੂ ਨੇ ਮੌਕੇ ’ਤੇ ਹੀ ਪੁਲ ਦੀ ਮੁਰੰਮਤ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸ੍ਰੀ ਸਿੱਧੂ ਨੂੰ ਮਿਲਣ ਮਗਰੋਂ ਕਰਨਬੀਰ ਸਿੰਘ ਨੇ ਕਿਹਾ ਕਿ ਕੌਮੀ ਬਹਾਦਰੀ ਪੁਰਸਕਾਰ ਹਾਸਲ ਕਰਨਾ ਉਸ ਲਈ ਬੜੇ ਮਾਣ ਵਾਲੀ ਗੱਲ ਹੈ। ਉਸ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।
ਗੌਰਤਲਬ ਹੈ ਕਿ 20 ਸਤੰਬਰ 2016 ਨੂੰ ਵਾਪਰੇ ਹਾਦਸੇ ਵਿੱਚ 7 ਬੱਚਿਆਂ ਦੀ ਮੌਤ ਹੋਈ ਸੀ, ਜਦੋਂਕਿ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਕਰਨਬੀਰ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਵੈਨ ਵਿੱਚ ਫਸੇ ਬੱਚਿਆਂ ਦੀ ਜਾਨ ਬਚਾਈ। ਇਸ ਸਮੇਂ ਕਰਨਬੀਰ ਸਿੰਘ ਬਾਰਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ। ਇਸ ਬਹਾਦਰੀ ਦੇ ਕਾਰਜ ਲਈ ਕਰਨਬੀਰ ਸਿੰਘ ਨੂੰ ਗਣਤੰਤਰ ਦਿਵਸ ਮੌਕੇ ਕੌਮੀ ਬਹਾਦਰੀ ਪੁਰਸਕਾਰ ਮਿਲ ਚੁੱਕਿਆ ਹੈ।