ਚੰਡੀਗੜ੍ਹ, ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਘਰਾਂ ਦੇ ਨਕਸ਼ਿਆਂ ਨੂੰ ਆਨਲਾਈਨ ਪ੍ਰਵਾਨਗੀ ਦੇਣ ਦੀ ਵਿਵਸਥਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਨੂੰ ‘ਈ-ਨਕਸ਼ਾ ਆਨਲਾਈਨ ਬਿਲਡਿੰਗ ਪਲਾਨ ਅਪਰੂਵਲ ਸਿਸਟਮ’ (ਓਬੀਪੀਏਐਸ) ਦਾ ਨਾਮ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਸਮੂਹ ਨਗਰ ਨਿਗਮਾਂ ਦੇ ਕਮਿਸ਼ਨਰਾਂ, ਡਿਪਟੀ ਡਾਇਰੈਕਟਰਾਂ ਅਤੇ ਆਰਕੀਟੈਕਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਓ.ਬੀ.ਪੀ.ਏ.ਐਸ. ਪੂਰਨ ਤੌਰ ’ਤੇ ਆਨਲਾਈਨ ਪਲੈਟਫਾਰਮ ਹੈ ਤੇ ਇਹ ਪ੍ਰਾਜੈਕਟ ਤਰੱਕੀਸ਼ੁਦਾ ਪੰਜਾਬ (ਪ੍ਰੋਗਰੈਸਿਵ ਪੰਜਾਬ) ਵੱਲ ਇੱਕ ਵੱਡਾ ਕਦਮ ਹੈ।
ਇਹ ਇੱਕ ਅਜਿਹਾ ਮੰਚ ਸਾਬਿਤ ਹੋਵਗਾ, ਜਿੱਥੇ ਨਕਸ਼ਿਆਂ ਦੀ ਮਨਜ਼ੂਰੀ ਆਨਲਾਈਨ ਇੱਕੋ ਥਾਂ ’ਤੇ ਹਾਸਲ ਹੋਵੇਗੀ ਅਤੇ ਇਸ ਪ੍ਰਾਜੈਕਟ ਰਾਹੀਂ ਸੂਬੇ ਭਰ ਦੀਆਂ 165 ਸ਼ਹਿਰੀ ਸਥਾਨਕ ਇਕਾਈਆਂ ਅਤੇ 27 ਇੰਪਰੂਵਮੈਂਟ ਟਰੱਸਟਾਂ ਦੀਆਂ ਲੋੜਾਂ ਪੂਰੀਆਂ ਹੋਣਗੀਆਂ। ਸ੍ਰੀ ਸਿੱਧੂ ਨੇ ਦਿੰਦਿਆਂ ਦੱਸਿਆ ਕਿ ਓ.ਬੀ.ਪੀ.ਏ.ਐਸ. ਵਿੱਚ ਪੰਜ ਪੜਾਅ ਹੋਣਗੇ। ਆਮ ਲੋਕ ਅਤੇ ਇਮਾਰਤਸਾਜ਼ (ਆਰਕੀਟੈਕਟ) ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਲਈ www.enaksha.lgpunjab.gov. in ’ਤੇ ਲਾਗ ਇਨ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਹੋਰ ਜਾਣਕਾਰੀ ਹੈਲਪਲਾਈਨ ਨੰਬਰ 0172-2619247, 2619248 ਅਤੇ ਟੌਲ ਫਰੀ ਨੰਬਰ 1800-1800-172 ਤੋਂ ਲਈ ਜਾ ਸਕਦੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਹੁਣ ਈ-ਸੀ.ਐਲ.ਯੂ. ਪ੍ਰਣਾਲੀ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਏ ਵੇਣੂ ਪ੍ਰਸਾਦ, ਡਾਇਰੈਕਟਰ ਕਰਨੇਸ਼ ਸ਼ਰਮਾ ਤੇ ਪੀ.ਐਮ.ਆਈ.ਡੀ.ਸੀ. ਦੇ ਸੀਈਓ ਅਜੋਏ ਸ਼ਰਮਾ ਹਾਜ਼ਰ ਸਨ।