ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਇਮਰਾਨ ਖਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਦੌਰਾਨ ਪਾਕਿਸਤਾਨ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾ ਕੇ ਭਾਰਤੀ ਸ਼ਹੀਦਾਂ ਦੇ ਪਰਿਵਾਰਾਂ ਦਾ ਨਿਰਾਦਰ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ। ਅੱਜ ਇਥੇ ਜਾਰੀ ਪਾਰਟੀ ਬਿਆਨ ‘ਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਜੋ ਵਿਵਹਾਰ ਕੀਤਾ ਹੈ, ਉਹ ਇਕ ਕੈਬਨਿਟ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਉਸ ਵਲੋਂ ਜਨਤਕ ਤੌਰ ‘ਤੇ ਕੀਤੇ ਗਲਵੱਕੜੀਆਂ ਦੇ ਮੁਜ਼ਾਹਰੇ ਨੇ ਨਾ ਸਿਰਫ ਸ਼ਹੀਦ ਪਰਿਵਾਰਾਂ ਨੂੰ ਹੀ ਠੇਸ ਪਹੁੰਚਾਈ, ਸਗੋਂ ਇਸ ਦੇਸ਼ ਦੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਮਾਰੀ ਹੈ । ਉਨ੍ਹਾਂ ਕਿਹਾ ਕਿ ਜਦੋਂ ਪੂਰਾ ਮੁਲਕ ਸੋਗ ਵਿਚ ਡੁੱਬਾ ਹੋਇਆ ਸੀ, ਅਜਿਕੇ ਮੌਕੇ ਸਿੱਧੂ ਦਾ ਪਾਕਿਸਤਾਨ ਦਾ ਦੌਰਾ ਕਰਨਾ ਹੀ ਠੀਕ ਨਹੀਂ ਸੀ । ਉਨ੍ਹਾਂ ਕਿਹਾ ਕਿ ਸਿੱਧੂ ਨੇ ਨਾ ਸਿਰਫ ਇਹ ਦੌਰਾ ਕੀਤਾ , ਸਗੋਂ ਸਰਕਾਰੀ ਸੋਗ ਦੇ ਪੀਰੀਅਡ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਸ਼ਨਾਂ ਵਿਚ ਭਾਗ ਨਾ ਲੈਣ ਦੇ ਨਿਯਮਾਂ ਨੂੰ ਵੀ ਭੰਗ ਕੀਤਾ ਹੈ ।
ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਨੇ ਆਪਣੇ ਦੇਸ਼ ਅਤੇ ਦੇਸ਼-ਵਾਸੀਆਂ ਨੂੰ ਨਿਰਾਸ਼ ਕੀਤਾ ਹੈ ਅਤੇ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਜੁਆਬ ਦੇਣਾ ਬਣਦਾ ਹੈ ਕਿ ਸਿੱਧੂ ਨੂੰ ਪਾਕਿਸਤਾਨ ਜਾ ਕੇ ਆਪਣਾ ਤਮਾਸ਼ਾ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ । ਉਨ੍ਹਾਂ ਕਿਹਾ ਕਿ ਰਾਹੁਲ ਅਕਸਰ ਅੱਤਵਾਦੀ ਹਮਲਿਆਂ ‘ਚ ਮਾਰੇ ਗਏ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਗੱਲਾਂ ਕਰਦੇ ਹਨ ।
ਉਨ੍ਹਾਂ ਕਿਹਾ ਕਿ ਸਿੱਧੂ ਵਲੋਂ ਜਨਤਕ ਤੌਰ ‘ਤੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਪਾਈਆਂ ਗਲਵੱਕੜੀਆਂ ਨੂੰ ਰਾਹੁਲ ਗਾਂਧੀ ਕਿਵੇਂ ਸਵੀਕਾਰ ਕਰਨਗੇ? ਇਹ ਸ਼ਰਮਨਾਕ ਹਰਕਤ ਪਾਕਿਸਤਾਨ ਦੇ ਹਮਲਿਆਂ ਤੋਂ ਆਪਣੀਆਂ ਜ਼ਿੰਦਗੀਆਂ ਦਾਅ ‘ਤੇ ਲਾ ਕੇ ਸਰਹੱਦਾਂ ਦੀ ਰਾਖੀ ਕਰ ਰਹੇ ਸਾਡੇ ਬਹਾਦਰ ਜਵਾਨਾਂ ਦਾ ਮਨੋਬਲ ਤੋੜੇਗੀ ।