ਅੰਮ੍ਰਿਤਸਰ, 24 ਜਨਵਰੀ  
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗ਼ੈਰਹਾਜ਼ਰੀ ਵਿੱਚ ਹੋਏ ਸਮਾਗਮ ਵਿੱਚ ਨਗਰ ਨਿਗਮ ਦੇ ਚੁਣੇ ਗਏ ਕੌਂਸਲਰਾਂ ਨੇ ਅੱਜ ਸਹੁੰ ਚੁੱਕੀ। ਕਰਮਜੀਤ ਸਿੰਘ ਰਿੰਟੂ ਨੂੰ ਨਗਰ ਨਿਗਮ ਦਾ ਮੇਅਰ ਨਾਮਜ਼ਦ ਕੀਤਾ ਗਿਆ ਹੈ। ਰਮਨ ਬਖਸ਼ੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਯੂਨਿਸ ਕੁਮਾਰ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਸ੍ਰੀ ਸਿੱਧੂ ਵਾਂਗ ਉਨ੍ਹਾਂ ਦੇ 15 ਹਮਾਇਤੀ ਕੌਂਸਲਰ ਵੀ ਸਮਾਗਮ ਵਿੱਚੋਂ ਗੈਰਹਾਜ਼ਰ ਰਹੇ।
ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਹੋਏ ਸਮਾਗਮ ਵਿੱਚ ਨਵੇਂ ਚੁਣੇ ਗਏ ਕੌਂਸਲਰਾਂ ਨੇ ਅਹੁਦੇ ਦੀ ਸਹੁੰ ਚੁੱਕੀ। ਇਜਲਾਸ ਦੀ ਸ਼ੁਰੂਆਤ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਰਾਜ ਕੰਵਲ ਚੌਧਰੀ ਦੀ ਪ੍ਰਧਾਨਗੀ ਵਿੱਚ ਹੋਈ। ਸਮਾਗਮ ਦੌਰਾਨ ਵਿਧਾਇਕ ਓ.ਪੀ. ਸੋਨੀ, ਜੋ ਕਿ ਨਿਗਮ ਦੇ ਸਦਨ ਦੇ ਬਤੌਰ ਵਿਧਾਇਕ ਮੈਂਬਰ ਹਨ, ਵੱਲੋਂ ਮੇਅਰ ਦੇ ਅਹੁਦੇ ਲਈ ਕੌਂਸਲਰ ਕਰਮਜੀਤ ਸਿੰਘ ਰਿੰਟੂ ਦਾ ਨਾਂ ਪੇਸ਼ ਕੀਤਾ ਗਿਆ, ਜਿਸ ਨੂੰ ਨਿਰਵਿਰੋਧ ਚੁਣ ਲਿਆ ਗਿਆ।
ਮਗਰੋਂ ਸੀਨੀਅਰ ਡਿਪਟੀ ਮੇਅਰ ਵਜੋਂ ਰਮਨ ਬਖਸ਼ੀ ਦਾ ਨਾਂ ਵਿਧਾਇਕ ਸੁਨੀਲ ਦੱਤੀ ਅਤੇ ਡਿਪਟੀ ਮੇਅਰ ਵਜੋਂ ਯੂਨਿਸ ਕੁਮਾਰ ਦਾ ਨਾਂ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਪੇਸ਼ ਕੀਤਾ। ਹਾਊਸ ਮੈਂਬਰਾਂ ਵੱਲੋਂ ਇਸ ਤਜਵੀਜ਼ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿਰੋਧੀ ਧਿਰ ਵੱਲੋਂ ਕੋਈ ਹੋਰ ਨਾਂ ਨਾ ਪੇਸ਼ ਹੋਣ ’ਤੇ ਇਨ੍ਹਾਂ ਦੀ ਚੋਣ ਨੂੰ ਅੰਤਿਮ ਕਰਾਰ ਦਿੱਤਾ ਗਿਆ। ਸਰਬਸੰਮਤੀ ਨਾਲ ਚੁਣੇ ਗਏ ਮੇਅਰ ਤੇ ਹੋਰਨਾਂ ਨੂੰ ਨਿਗਮ ਦੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਤੇ ਹੋਰ ਅਧਿਕਾਰੀਆਂ ਨੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਕਰਮਜੀਤ ਸਿੰਘ ਰਿੰਟੂ ਅੰਮ੍ਰਿਤਸਰ ਨਗਰ ਨਿਗਮ ਦੇ 8ਵੇਂ ਮੇਅਰ ਬਣੇ ਹਨ। ਮਗਰੋਂ ਸ੍ਰੀ ਬਾਜਵਾ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਉਨ੍ਹਾਂ ਦੀਆਂ ਕੁਰਸੀਆਂ ’ਤੇ ਬਿਠਾਇਆ ਤੇ ਵਧਾਈ ਦਿੱਤੀ। ਸ੍ਰੀ ਸਿੱਧੂ ਤੇ ਉਨ੍ਹਾਂ ਦੇ ਹਮਾਇਤੀ ਕੌਂਸਲਰਾਂ ਦੀ ਗ਼ੈਰਹਾਜ਼ਰੀ ਕਾਰਨ ਸਮਾਗਮ ਫਿੱਕਾ ਰਿਹਾ। ਇਨ੍ਹਾਂ ਕੌਂਸਲਰਾਂ ਨੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਅਰ ਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਵੇਲੇ ਸਥਾਨਕ ਸਰਕਾਰਾਂ     ਬਾਰੇ ਮੰਤਰੀ ਦੀ ਰਾਇ ਨਹੀਂ ਲਈ ਗਈ। ਸਿੱਧੂ ਹਮਾਇਤੀ ਕੌਂਸਲਰਾਂ ਵਿੱਚ ਦਮਨਦੀਪ ਸਿੰਘ, ਸੁਖਦੇਵ ਸਿੰਘ ਚਾਹਲ, ਜਤਿੰਦਰ ਸਿੰਘ ਮੋਤੀ ਭਾਟੀਆ ਆਦਿ ਸ਼ਾਮਲ ਸਨ। ਇਨ੍ਹਾਂ ਨੇ ਸਹੁੰ ਵੀ ਨਹੀਂ ਚੁੱਕੀ। ਇਨ੍ਹਾਂ ਦੀ ਗੈਰਹਾਜ਼ਰੀ ਬਾਰੇ ਸ੍ਰੀ ਬਾਜਵਾ ਨੇ ਕਿਹਾ ਕਿ ਇਨ੍ਹਾਂ ਕੌਂਸਲਰਾਂ ਵਿੱਚੋਂ ਕੁਝ ਬਾਅਦ ਵਿੱਚ ਸਮਾਗਮ ਵਿੱਚ ਪੁੱਜ ਗਏ ਸਨ ਜਦਕਿ ਬਾਕੀਆਂ ਨੂੰ ਵੀ ਜਲਦੀ ਨਾਲ ਲੈ ਲਿਆ ਜਾਵੇਗਾ।
ਉਧਰ ਨਵੇਂ ਬਣੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਤੁਰੰਤ ਬਾਅਦ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਾਫ਼ ਸਫ਼ਾਈ ਅਤੇ ਟਰੈਫਿਕ ਵਿਵਸਥਾ ਨੂੰ ਠੀਕ ਕਰਨਾ ਤਰਜੀਹੀ ਕੰਮ   ਹੋਵੇਗਾ। ਸ੍ਰੀ ਸਿੱਧੂ ਦੀ ਗੈਰਹਾਜ਼ਰੀ ਬਾਰੇ ਉਨ੍ਹਾਂ ਕਿਹਾ ਕਿ ਮੰਤਰੀ ਦੀ ਉਨ੍ਹਾਂ    ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਉਹ ਖੁਦ ਉਨ੍ਹਾਂ ਦੇ ਘਰ ਜਾ ਕੇ ਧੰਨਵਾਦ ਕਰਨਗੇ।

ਜਲੰਧਰ ਦੇ ਮੇਅਰ ਦੀ ਚੋਣ ਭਲਕੇ

ਚੰਡੀਗੜ੍ਹ: ਪੰਜਾਬ ’ਚ ਅੱਜ ਅੰਮ੍ਰਿਤਸਰ ਤੇ ਪਟਿਆਲਾ ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਹੋ ਗਈ ਹੈ। ਨਗਰ ਨਿਗਮ, ਜਲੰਧਰ ਦੇ ਮੇਅਰ ਦੀ ਚੋਣ 25 ਜਨਵਰੀ ਨੂੰ ਹੋਵੇਗੀ। ਇਨ੍ਹਾਂ ਨਗਰ ਨਿਗਮ ਦੀਆਂ ਚੋਣਾਂ ਪਿਛਲੇ ਮਹੀਨੇ ਹੋਈਆਂ ਸਨ ਪਰ ਮੇਅਰਾਂ ਦੀ ਚੋਣ ਦਾ ਕੰਮ ਲਟਕ ਗਿਆ ਸੀ।

ਨਜ਼ਰਅੰਦਾਜ਼ ਕੀਤੇ ਜਾਣ ਤੋਂ ਸਿੱਧੂ ਨਾਰਾਜ਼

ਚੰਡੀਗੜ੍ਹ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਮੇਅਰ ਦੀ ਚੋਣ ਮੌਕੇ ਨਜ਼ਰਅੰਦਾਜ਼ ਕੀਤੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਹਨ। ਇਹੀ ਵਜ੍ਹਾ ਹੈ ਕਿ ਸਿੱਧੂ ਦੇ ਭਲਕੇ ਹੋਣ ਵਾਲੀ ਵਜ਼ਾਰਤੀ ਮੀਟਿੰਗ ਵਿੱਚ ਹਾਜ਼ਰੀ ਭਰਨ ਦੇ ਆਸਾਰ ਮੱਧਮ ਹਨ। ਵਿੱਤੀ ਸੰਕਟ ਵਿੱਚ ਘਿਰੀ ਸਰਕਾਰ ਨੂੰ ਹੁਣ ਕੈਬਨਿਟ ਮੰਤਰੀ ਦੀ ਨਾਰਾਜ਼ਗੀ  ਦੂਰ ਕਰਨ ਲਈ ਜੂਝਣਾ ਪਵੇਗਾ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਕੋਲ ਸਥਾਨਕ ਸਰਕਾਰ ਵਿਭਾਗ ਹੈ, ਜਿਸ ਅਧੀਨ ਨਗਰ ਨਿਗ਼ਮ ਆਉਂਦੇ ਹਨ। ਸ੍ਰੀ ਸਿੱਧੂ ਆਪਣੇ ਹੀ ਸ਼ਹਿਰ ਦੇ ਮੇਅਰ ਦੀ ਚੋਣ ਲਈ ਹੋਈ ਮੀਟਿੰਗ ਵਿੱਚ ਕੋਈ ਸੱਦਾ ਨਾ ਮਿਲਣ ਤੋਂ ਨਾਰਾਜ਼ ਹਨ। ਸਿੱਧੂ ਨੂੰ ਗਿਲਾ ਹੈ ਕਿ ਅੰਮ੍ਰਿਤਸਰ ਦੇ  ਮੇਅਰ ਦੀ ਚੋਣ ਦੇ ਮਾਮਲੇ ’ਚ ਉਨ੍ਹਾਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਇਸੇ ਕਰਕੇ ਮੇਅਰ ਦੀ ਚੋਣ ਸਮੇਂ ਉਨ੍ਹਾਂ ਦੇ ਹਮਾਇਤੀ ਕੌਂਸਲਰ ਵੀ ਚੋਣ ਤੋਂ ਦੂਰ ਰਹੇ। ਕੌਂਸਲਰਾਂ ਨੇ ਐਲਾਨ ਕੀਤਾ ਕਿ ਜਦੋਂ ਤਕ ਕੈਬਨਿਟ ਮੰਤਰੀ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ, ਉਹ ਨਾ ਸਹੁੰ ਚੁੱਕਣਗੇ ਤੇ ਨਾ ਹੀ ਮੀਟਿੰਗਾਂ ਵਿੱਚ ਜਾਣਗੇ। ਲਿਹਾਜ਼ਾ ਨਿਗਮ ਦਾ ਕੰਮਕਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਧੜਿਆਂ ਵਿੱਚ ਵੰਡੀ ਨਜ਼ਰ ਆਈ।
ਉਧਰ ਚੋਣ ਨਿਗਰਾਨ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਮੇਅਰ ਦੀ ਚੋਣ ਤੋਂ ਪਹਿਲਾਂ ਅੱਜ ਸਵੇਰੇ ਸ੍ਰੀ ਸਿੱਧੂ ਦੇ ਘਰ ਗਏ, ਪਰ ਉਨ੍ਹਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਮੰਤਰੀ ਘਰ ਵਿੱਚ ਮੌਜੂਦ ਨਹੀਂ। ਸ੍ਰੀ ਬਾਜਵਾ ਨੇ ਦਾਅਵਾ ਕੀਤਾ ਕਿ ਸਿੱਧੂ ਉਸ ਵੇਲੇ ਘਰ ਵਿੱਚ ਹੀ ਸਨ। ਇਸ ਦੌਰਾਨ ਕਾਂਗਰਸ ਹਲਕਿਆਂ ਦਾ ਕਹਿਣਾ ਹੈ ਕਿ ਕੌਸਲਰਾਂ ਸਮੇਤ ਕੈਬਨਿਟ ਮੰਤਰੀ ਸਿੱਧੂ ਨੇ ਮੁੱਖ ਮੰਤਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੇ ਅਧਿਕਾਰ ਦਿੱਤੇ ਸਨ ਤੇ ਇਸ ਲਈ ਉਨ੍ਹਾਂ ਦੀ ਨਰਾਜ਼ਗੀ ਦਾ ਕੋਈ ਅਧਾਰ ਨਹੀਂ ਬਣਦਾ।