ਸਿਰਸਾ, ਡੇਰੇ ਦੀ ਚੇਅਰਪਰਸਨ ਵਿਪਾਸਨਾ ਦੇ ਰੂਪੋਸ਼ ਹੋਣ ਦੀਆਂ ਖ਼ਬਰਾਂ ’ਤੇ ਅੱਜ ਉਸ ਉਦੋਂ ਵਿਰਾਮ ਲੱਗ ਗਿਆ ਜਦੋਂ ਉਹ ਵਿਸ਼ੇਸ਼ ਜਾਂਚ ਟੀਮ (ਸਿੱਟ) ਅੱਗੇ ਪੇਸ਼ ਹੋ ਗਈ। ਸਿੱਟ ਦੀ ਟੀਮ ਨੇ ਵਿਪਾਸਨਾ ਤੋਂ ਕਰੀਬ ਤਿੰਨ ਘੰਟੇ ਤੱਕ ਹੱਡਾ ਚੌਕੀ ਵਿੱਚ ਪੁੱਛ ਪੜਤਾਲ ਕੀਤੀ ਜਿਸ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਪਤਾ ਲੱਗਾ ਹੈ ਕਿ ਡੇਰਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ 25-26 ਅਗਸਤ ਦੀ ਰਾਤ ਡੇਰਾ ਸਿਰਸਾ ਆਈ ਸੀ, ਪਰ ਮਗਰੋਂ ਉਸ ਦੇ ਥਹੁ ਟਿਕਾਣੇ ਬਾਰੇ ਅਜੇ ਤਕ ਕੁਝ ਪਤਾ ਨਹੀਂ ਲੱਗਾ। ਡੇਰਾ ਚੇਅਰਪਰਸਨ ਤੋਂ ਪੁੱਛਗਿੱਛ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿੱਟ ਦੇ ਡੀਐਸਪੀ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਵਿਪਾਸਨਾ ਨੂੰ ਨੋਟਿਸ ਦੇ ਕੇ ਜਾਂਚ ਲਈ ਸੱਦਿਆ ਗਿਆ ਸੀ। ਉਸ ਤੋਂ ਕਈ ਅਹਿਮ ਸਵਾਲ ਪੁੱਛੇ ਗਏ ਜਿਸ ਦੇ ਉਸ ਨੇ ਜਵਾਬ ਦਿੱਤੇ ਹਨ। ਪੁਲੀਸ ਉਸ ਵੱਲੋਂ ਦਿੱਤੇ ਬਿਆਨ ਦੀ ਜਾਂਚ ਕਰੇਗੀ ਤੇ ਲੋੜ ਪੈਣ ’ਤੇ ਮੁੜ ਸੱਦਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬਾਬੇ ਦੀ ਰਾਜ਼ਦਾਰ ਹਨੀਪ੍ਰੀਤ ਡੇਰਾ ਮੁਖੀ ਨੂੰ ਸਜ਼ਾ ਹੋਣ ਮਗਰੋਂ ਉਸ ਨੂੰ ਰੋਹਤਕ ਜੇਲ੍ਹ ਪਹੁੰਚਾਉਣ ਤੋਂ ਬਾਅਦ 25-26 ਅਗਸਤ ਦੀ ਰਾਤ ਨੂੰ ਡੇਰਾ ਸਿਰਸਾ ਆਈ ਸੀ। ਵਿਪਾਸਨਾ ਨੇ ਡਾ.ਅਦਿੱਤਿਆ ਇੰਸਾ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਇਸ ਮੌਕੇ ਸਿੱਟ ਦੇ ਅਧਿਕਾਰੀਆਂ ਤੋਂ ਇਲਾਵਾ ਸਿਰਸਾ ਦੇ ਸੀਆਈਏ ਥਾਣਾ ਸਟਾਫ ਤੇ ਹੋਰ ਅਧਿਕਾਰੀ ਮੌਜੂਦ ਸਨ।