ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਬੰਦ ਕੀਤੇ ਗਏ 186 ਕੇਸਾਂ ਦੀ ਸੁਪਰੀਮ ਕੋਰਟ ਵੱਲੋਂ ਨਵੇਂ ਸਿਰਿਓਂ ਜਾਂਚ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਸਿੱਖਾਂ ਨੂੰ ਕਈ ਦਹਾਕੇ ਬੀਤ ਜਾਣ ‘ਤੇ ਵੀ ਇਨਸਾਫ਼ ਨਾ ਮਿਲਣ ਲਈ ਅਫ਼ਸੋਸ ਵੀ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਆਸ ਜ਼ਰੂਰ ਬੱਝੀ ਹੈ ਪਰ ਇਨਸਾਫ ਵਿਚ ਹੋਰ ਦੇਰੀ ਨਹੀਂ ਹੋਣੀ ਚਾਹੀਦੀ। ਸਮੇਂ-ਸਮੇਂ ਸਰਕਾਰਾਂ ਵੱਲੋਂ ਵੱਖ-ਵੱਖ ਜਾਂਚ ਕਮਿਸ਼ਨ ਬਣਾਏ ਜਾਂਦੇ ਰਹੇ ਹਨ ਅਤੇ ਨਵੇਂ ਬਣੇ ਕਮਿਸ਼ਨ ਵੱਲੋਂ ਪਿਛਲੇ ਕਮਿਸ਼ਨ ਦੀ ਕੀਤੀ ਜਾਂਚ ਨੂੰ ਦੁਬਾਰਾ ਨਵੇਂ ਸਿਰਿਓਂ ਕਰਨ ਵਿੱਚ ਲੰਮਾ ਸਮਾਂ ਲੰਘਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕਤਲੇਆਮ ਵਿੱਚ ਸ਼ਾਮਲ ਲੋਕਾਂ ਦੇ ਨਾਮ ਜੱਗ ਜ਼ਾਹਰ ਹਨ ਪਰ ਇਸਦੇ ਬਾਵਜੂਦ ਕਥਿਤ ਦੋਸ਼ੀ ਸਾਲਾਂ ਤੋਂ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਤੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਪੀੜਤਾਂ ਨੂੰ ਜਲਦ ਤੋਂ ਜਲਦ ਇਨਸਾਫ਼ ਦਿੱਤਾ ਜਾਵੇ।

ਕੈਪਟਨ ਅਮਰਿੰਦਰ ਵੱਲੋਂ ਸਵਾਗਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ 186 ਕੇਸਾਂ ਦੀ ਨਵੇਂ ਸਿਰਿਓਂ ਪੜਤਾਲ ਕਰਵਾਉਣ ਲਈ ਨਵੀਂ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸੁਆਗਤ ਕਰਦਿਆਂ ਆਸ ਪ੍ਰਗਟਾਈ ਕਿ ਇਸ ਕਦਮ ਨਾਲ ਪੀੜਤਾਂ ਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਦੰਗਿਆਂ ਨਾਲ ਸਬੰਧਤ ਕਈ ਲੋਕਾਂ ਦੇ ਨਾਂ ਕੱਟ ਦਿੱਤੇ ਗਏ ਅਤੇ ਇਹ ਹੁਣ ਵਿਸ਼ੇਸ਼ ਜਾਂਚ ਟੀਮ ਦੇ ਹੱਥ-ਵੱਸ ਹੈ ਕਿ ਇਨ੍ਹਾਂ ਦੋਸ਼ਾਂ ਦੀ ਤਸਦੀਕ ਕਰਕੇ ਜਾਂਚ ਨੂੰ ਫ਼ੈਸਲਾਕੁਨ ਸਿੱਟੇ ਤੱਕ ਪਹੁੰਚਾਵੇ। ਕੈਨੇਡਾ ਅਤੇ ਅਮਰੀਕਾ ਦੇ ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੇ ਜਾਣ ’ਤੇ ਪਾਬੰਦੀ ਲਾਉਣ ਦੇ ਐਲਾਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਭਾਵੇਂ ਸਿੱਖ ਹੈ ਜਾਂ ਨਹੀਂ, ਗੁਰੂ ਘਰ ਵਿੱਚ ਨਤਮਸਤਕ ਹੋਣ ਜਾਂ ਲੰਗਰ ਛਕਣ ਲਈ ਜਾ ਸਕਦਾ ਹੈ। ਉਨ੍ਹਾਂ ਪਾਬੰਦੀ ਦੇ ਫ਼ੈਸਲੇ ਦੀ ਆਲੋਚਨਾ ਕੀਤੀ।