ਐਸ.ਏ.ਐਸ. ਨਗਰ (ਮੁਹਾਲੀ), 31 ਜਨਵਰੀ

ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਤਰਸ ਦੇ ਆਧਾਰ ’ਤੇ ਸਿੱਖਿਆ ਵਿਭਾਗ ਦੇ 77 ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਵੰਡੇ, ਜਿਨ੍ਹਾਂ ਵਿੱਚ 29 ਕਲਰਕ, 38 ਦਰਜਾ ਚਾਰ ਕਰਮਚਾਰੀ, 9 ਲਾਇਬ੍ਰੇਰੀ ਰਿਸਟੋਰਰ ਅਤੇ ਇੱਕ ਐੱਸਐੱਲਏ ਸ਼ਾਮਲ ਹੈ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਨਿਯੁਕਤੀ ਪੱਤਰ ਵੰਡ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਂਦਿਆਂ ਸਮੇਂ ਸਿਰ ਤਰਸ ਦੇ ਆਧਾਰ ’ਤੇ ਆਸ਼ਰਿਤਾਂ ਨੂੰ ਨੌਕਰੀਆਂ ਦੇਣ ਦੀ ਪ੍ਰਕਿਰਿਆ ਨੇਪਰੇ ਚਾੜ੍ਹੀ ਹੈ।
ਸ੍ਰੀਮਤੀ ਚੌਧਰੀ ਨੇ ਨਵ-ਨਿਯੁਕਤ ਮੁਲਾਜ਼ਮਾਂ ਤੋਂ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਉਮੀਦ ਕਰਦਿਆਂ ਉਨ੍ਹਾਂ ਨੂੰ ਵਿਭਾਗ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦੇ ਰਹੇ ਹਨ ਅਤੇ ਵਿਭਾਗ ਵੱਲੋਂ ਵੀ ਮਿਆਰੀ ਸਿੱਖਿਆ ਦੇਣ ਦੇ ਟੀਚੇ ਦੀ ਪ੍ਰਾਪਤੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਦਫ਼ਤਰੀ ਕੰਮ ਅਤੇ ਸਕੂਲੀ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਜਿੱਥੇ ਨਵੀਂ ਭਰਤੀ ਕੀਤੀ ਜਾ ਰਹੀ ਹੈ, ਉੱਥੇ ਨਵੀਆਂ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ 4-9-14 ਅਤੇ ਪਰਖ ਕਾਲ ਸਮਾਂ ਪੂਰਾ ਹੋਣ ’ਤੇ ਪੱਤਰ ਜਾਰੀ ਕਰਨ ਦੀਆਂ ਹੇਠਲੇ ਪੱਧਰ ’ਤੇ ਸ਼ਕਤੀਆਂ ਦੇਣ ਦੇ ਫ਼ੈਸਲੇ, ਪ੍ਰੀ- ਨਰਸਰੀ ਕਲਾਸਾਂ ਅਤੇ 1953 ਸਕੂਲਾਂ ਵਿੱਚ ਆਪਸ਼ਨ ਵਜੋਂ ਅੰਗਰੇਜ਼ੀ ਮਾਧਿਅਮ ਦੀ ਸ਼ੁਰੂਆਤ ਅਹਿਮ ਹਨ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਅਗਵਾਈ ਹੇਠ ਪ੍ਰਾਇਮਰੀ ਸਿੱਖਿਆ ਦੀ ਨੀਂਹ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਨ ਦੇ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਮੇਂ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧੀ ਹੈ ਅਤੇ ਇਹ ਚੰਗੀ ਸ਼ੁਰੂਆਤ ਹੈ। ਇਸ ਮੌਕੇ ਸਿੱਖਿਆ ਬੋਰਡ ਦੀ ਸਕੱਤਰ ਹਰਗੁਣਜੀਤ ਕੌਰ, ਡੀਪੀਆਈ (ਸੈਕੰਡਰੀ) ਪਰਮਜੀਤ ਸਿੰਘ, ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ, ਡਿਪਟੀ ਡਾਇਰੈਕਟਰ ਧਰਮ ਸਿੰਘ ਤੇ ਸੁਪਰਡੈਂਟ ਪ੍ਰਭਜੀਤ ਸਿੰਘ ਹਾਜ਼ਰ ਸਨ