ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇਕ ਵਾਰ ਫਿਰ ਸਾਂਝਾ ਅਧਿਆਪਕ ਮੋਰਚਾ ਦੇ ਵਫ਼ਦ ਨੂੰ ਸਮਾਂ ਦੇ ਕੇ ਨਹੀਂ ਮਿਲੇ ਤੇ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਹੀ ਵਫ਼ਦ ਨਾਲ ਮੀਟਿੰਗ ਕਰਕੇ ਬੁੱਤਾ ਸਾਰਿਆ, ਜਿਸ ਕਾਰਨ ਵਫ਼ਦ ਨੂੰ ਸਿੱਖਿਆ ਮੰਤਰੀ ਵੱਲੋਂ ਬਿਨਾ ਅਰਜ਼ੀਆਂ ਮੰਗਿਆਂ ਮਨਮਾਨੇ ਢੰਗ ਨਾਲ ਸੈਂਕੜੇ ਅਧਿਆਪਕਾਂ ਦੀਆਂ ਬਦਲੀਆਂ ਬਾਬਤ ਮੁੱਖ ਮੰਤਰੀ ਕੋਲ ਸ੍ਰੀ ਸੋਨੀ ਵਿਰੁੱਧ ਭੜਾਸ ਕੱਢਣ ਦਾ ਮੌਕਾ ਨਹੀਂ ਮਿਲਿਆ।
ਸੂਤਰਾਂ ਅਨੁਸਾਰ ਸ੍ਰੀ ਸੋਨੀ ਨੇ ਮੀਟਿੰਗ ਦੌਰਾਨ ਮੰਗਾਂ ਬਾਰ ਗੋਲਮੋਲ ਜਵਾਬ ਦਿੱਤੇ ਅਤੇ ਬਹੁਤੀਆਂ ਮੰਗਾਂ ਉਪਰ ਸਰਕਾਰ ਵੱਲੋਂ ਤਜਵੀਜ਼ਾਂ ਪੇਸ਼ ਕਰਕੇ ਵਫ਼ਦ ਦੀ ਰਾਇ ਮੰਗਦੇ ਰਹੇ। ਸੂਤਰਾਂ ਅਨੁਸਾਰ ਮੰਤਰੀ ਨੇ 5178 ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਬੜੀ ਟੇਢੀ ਤਜਵੀਜ਼ ਵਫ਼ਦ ਅੱਗੇ ਪੇਸ਼ ਕੀਤੀ ਹੈ, ਜਿਸ ਬਾਰੇ ਸਬੰਧਤ ਧਿਰਾਂ ਫਿਲਹਾਲ ਵਿਚਾਰ ਕਰ ਰਹੀਆਂ ਹਨ। ਇਸੇ ਤਰ੍ਹਾਂ ਐਸਐਸਏ ਅਤੇ ਰਮਸਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਵੀ ਰੈਗੂਲਰ ਕਰਨ ਲਈ ਇਕ ਨਵੀਂ ਤਜਵੀਜ਼ ਪੇਸ਼ ਕੀਤੀ ਹੈ। ਐਜੂਕੇਸ਼ਨਲ ਵਾਲੰਟੀਅਰਾਂ ਅਤੇ ਇਸ ਵਰਗ ਵਿੱਚ ਆਉਂਦੇ ਅਧਿਆਪਕਾਂ ਦੀਆਂ ਨਿਗੂਣੀਆਂ ਤਨਖ਼ਾਹਾਂ ਵਧਾਉਣ ਦੀ ਪੇਸ਼ਕਸ਼ ਕਰਨ ਦੀ ਜਾਣਕਾਰੀ ਮਿਲੀ ਹੈ। ਮੋਰਚੇ ਦੇ ਵਫ਼ਦ ਨੇ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਬਲਕਾਰ ਵਲਟੋਹਾ, ਦਵਿੰਦਰ ਪੂਨੀਆ, ਬਾਜ ਸਿੰਘ ਖਹਿਰਾ ਤੇ ਹਰਜੀਤ ਸਹੋਤਾ ਦੀ ਅਗਵਾਈ ਹੇਠ ਮੰਤਰੀ ਨਾਲ ਪੰਜਾਬ ਭਵਨ ਵਿੱਚ ਮੁਲਾਕਾਤ ਕੀਤੀ ਹੈ।
ਮੀਟਿੰਗ ਤੋਂ ਬਾਅਦ ਸੁਖਵਿੰਦਰ ਚਾਹਲ ਨੇ ਦੱਸਿਆ ਕਿ ਵਫ਼ਦ ਨੇ ਪਿਛਲੇ ਦਿਨੀਂ ਬਿਨਾ ਕਿਸੇ ਨੀਤੀ ਦੇ ਸੈਂਕੜੇ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਬਾਰੇ ਮੰਤਰੀ ਕੋਲ ਰੋਸ ਪ੍ਰਗਟ ਕੀਤਾ। ਵਫ਼ਦ ਨੇ ਮੰਤਰੀ ਨੂੰ ਪੁੱਛਿਆ ਕਿ ਬਦਲੀਆਂ ਕਰਨ ਤੋਂ ਪਹਿਲਾਂ ਅਰਜ਼ੀਆਂ ਕਿੱਥੇ ਲਈਆਂ ਗਈਆਂ ਸਨ। ਵਫ਼ਦ ਨੇ ਸਵਾਲ ਕੀਤਾ ਕਿ ਜਦੋਂ ਬਦਲੀਆਂ ਦੀ ਨੀਤੀ ਬਣਾ ਕੇ ਬਦਲੀਆਂ ਕਰਨ ਦਾ ਫ਼ੈਸਲਾ ਹੋਇਆ ਸੀ ਤਾਂ ਫਿਰ ਇਹ ਬਦਲੀਆਂ ਕਿਸ ਆਧਾਰ ’ਤੇ ਕੀਤੀਆਂ ਹਨ। ਅੱਗੋਂ ਮੰਤਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਕੀਤੀਆਂ ਬਦਲੀਆਂ ਪਾਰਦਰਸ਼ਤਾ ਨਾਲ ਕੀਤੀਆਂ ਹਨ ਅਤੇ ਜਲਦ ਹੀ ਬਦਲੀ ਨੀਤੀ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਬਦਲੀਆਂ ਅਤੇ ਰੈਸ਼ਨੇਲਾਈਜ਼ੇਸ਼ਨ ਦੀਆਂ ਨੀਤੀਆਂ ਜਲਦ ਹੀ ਤਿਆਰ ਕਰਨ ਦੇ ਆਸਾਰ ਹਨ। ਸ੍ਰੀ ਸੋਨੀ ਨੇ ਸਾਂਝੇ ਮੋਰਚੇ ਨੂੰ ਉਨ੍ਹਾਂ ਵੱਲੋਂ ਵੱਖ-ਵੱਖ ਮੰਗਾਂ ਬਾਰੇ ਦਿੱਤੀਆਂ ਤਜਵੀਜ਼ਾਂ ਬਾਰੇ ਇਕ ਹਫ਼ਤੇ ਵਿੱਚ ਆਪਣੇ ਵਿਚਾਰ ਦੇਣ ਲਈ ਕਿਹਾ ਹੈ, ਜਿਸ ਤਹਿਤ ਸਾਂਝੇ ਮੋਰਚੇ ਦੀ ਅਗਲੇ ਦਿਨੀਂ ਮੰਤਰੀ ਨਾਲ ਹੋਰ ਮੀਟਿੰਗ ਹੋ ਸਕਦੀ ਹੈ। ਮੰਤਰੀ ਨਾਲ ਮੀਟਿੰਗ ਤੋਂ ਬਾਅਦ ਸਾਂਝੇ ਮੋਰਚੇ ਦੀ ਲੀਡਰਸ਼ਿਪ ਨੇ ਇੱਥੇ ਆਪਣੀ ਲੰਮੀ ਮੀਟਿੰਗ ਕਰਕੇ ਅਗਲੀ ਰਣਨੀਤੀ ਘੜੀ ਹੈ।