ਐਸ.ਏ.ਐਸ. ਨਗਰ (ਮੁਹਾਲੀ), 13 ਦਸੰਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਸਿੰਜਾਈ ਵਿਭਾਗ ਦੇ ਡੈਮ ਵਿੰਗ ਪਟਿਆਲਾ ਵਿੱਚ ਤਾਇਨਾਤ ਸਬ-ਡਿਵੀਜ਼ਨਲ ਅਫ਼ਸਰ (ਐਸਡੀਓ) ਕਮਿੱਕਰ ਸਿੰਘ ਦਿਓਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਕੇਸ ਵਿੱਚ ਐਸਡੀਓ ਦੀ ਪਤਨੀ ਜਸਵੰਤ ਕੌਰ, ਪੁੱਤਰ ਸ਼ੁਭਦੀਪ ਸਿੰਘ ਅਤੇ ਪੁੱਤਰੀ ਰਾਜਨ ਦਿਓਲ ਨੂੰ ਨਾਮਜ਼ਦ ਕੀਤਾ ਗਿਆ ਹੈ।  ਵਿਜੀਲੈਂਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ 2016 ਦੌਰਾਨ ਵਿਜੀਲੈਂਸ ਵੱਲੋਂ ਐਸਡੀਓ ਕਮਿੱਕਰ ਸਿੰਘ ਵਿਰੁੱਧ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਪੜਤਾਲ ਕੀਤੀ ਗਈ, ਜਿਸ ਵਿੱਚ ਐਸਡੀਓ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਸਮੇਂ ਦੌਰਾਨ ਆਪਣੇ ਜਾਣੂ ਵਸੀਲਿਆਂ ਤੋਂ ਹਾਸਲ ਹੋਈ ਕੁੱਲ ਆਮਦਨ ਨਾਲੋਂ 2.38 ਕਰੋੜ ਰੁਪਏ ਦਾ ਵੱਧ ਖਰਚਾ ਕੀਤਾ ਗਿਆ, ਜੋ ਕਿ ਆਮਦਨ ਨਾਲੋਂ 389.83 ਫੀਸਦੀ ਵੱਧ ਬਣਦਾ ਹੈ। ਵਿਜੀਲੈਂਸ ਦੀ ਪੜਤਾਲ ਦੌਰਾਨ ਇਹ ਵੀ ਸਪੱਸ਼ਟ ਹੋਇਆ ਹੈ ਕਿ ਐਸਡੀਓ ਕਮਿੱਕਰ ਸਿੰਘ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਹੈ। ਇਹ ਜਾਣਕਾਰੀ ਵਿਜੀਲੈਂਸ ਦੇ ਬੁਲਾਰੇ ਨੇ ਦਿੱਤੀ।