ਪਟਿਆਲਾ, 7 ਮਈ
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ ਕਰਨ ਲਈ ਪੰਜਾਬ  ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ‘ਰੂਰਲ ਮੈਡੀਕਲ ਪ੍ਰੈਕਟੀਸ਼ਨਰਜ਼’ (ਆਰਐਮਪੀਜ਼) ਨੂੰ ਪਹਿਲਾਂ ਤੋਂ ਤਾਇਨਾਤ ਪੁਲੀਸ ਫੋਰਸ ਨੇ ਰਸਤੇ ਵਿੱਚ ਹੀ ਰੋਕ ਲਿਆ। ਉਂਜ  ਪੁਲੀਸ ਨੂੰ ਕਾਫ਼ੀ ਤਰੱਦਦ ਕਰਨੀ ਪਈ, ਕਿਉਂਕਿ ਡਾਕਟਰਾਂ ਨੇ ਵੱਖ ਵੱਖ ਰਸਤਿਆਂ ਰਾਹੀਂ ਕੋਠੀ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਇੱਕ ਵਫ਼ਦ ਦੀ ਕਰਵਾਈ ਮੀਟਿੰਗ ਦੌਰਾਨ ਮੰਤਰੀ ਵੱਲੋਂ ਦਿੱਤੇ ਭਰੋਸੇ ਮਗਰੋਂ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ, ਪਰ ਮੰਗਾਂ ਦੀ ਪੂਰਤੀ ਨਾ ਹੋਣ ’ਤੇ 10 ਜੂਨ ਤੋਂ ‘ਜੇਲ੍ਹ ਭਰੋ ਅੰਦੋਲਨ’ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਗਿਆ।
ਸਿਹਤ ਮੰਤਰੀ ਦੀ  ਕੋਠੀ ਮੁੱਖ ਮੰਤਰੀ ਮਹਿਲ ਦੇ ਬਿਲਕੁਲ ਸਾਹਮਣੇ ਹੈ ਤੇ ਮਹਿਲ  ਦੁਆਰ ’ਤੇ ਪਹਿਲਾਂ ਤੋਂ ਹੀ  ਭਾਰੀ ਪੁਲੀਸ ਫੋਰਸ ਤਾਇਨਾਤ ਹੈ, ਜਦੋਂਕਿ ਅੱਜ ਆਸੇ-ਪਾਸੇ ਹੋਰ ਪੁਲੀਸ ਵੀ ਤਾਇਨਾਤ ਰਹੀ। ਇਸ ਕਰਕੇ ਰੂਰਲ ਡਾਕਟਰ ਮੰਤਰੀ ਦੀ ਕੋਠੀ ਦਾ ਘਿਰਾਓ ਨਾ ਕਰ ਸਕੇ। ਉਨ੍ਹਾਂ ਵਾਈਪੀਐੱਸ ਚੌਕ ਤੋਂ ਅੱਗੇ ਵਧਣ ਦੀ ਕੋਸ਼ਿਸ਼  ਕੀਤੀ, ਪਰ ਪੁਲੀਸ ਨੇ ਅਜਿਹਾ ਨਾ ਹੋਣ ਦਿੱਤਾ। ਬਾਅਦ ਵਿੱਚ ਪੁਲੀਸ ਨੇ  ‘ਰੂਰਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ’ ਦੇ ਸੂਬਾ ਪ੍ਰਧਾਨ  ਡਾ. ਰਮੇਸ਼ ਬਾਲੀ, ਜਨਰਲ ਸਕੱਤਰ ਡਾ. ਜਸਵਿੰਦਰ ਕਾਲਖ, ਡਾ. ਬਲਕਾਰ ਸਿੰਘ, ਜਥੇਬੰਦਕ ਸਕੱਤਰ ਡਾ. ਬਲਬੀਰ ਸਿੰਘ ਲਾਂਡਰਾਂ, ਅਸ਼ੋਕ ਕੁਮਾਰ ਗੁਰਦਾਸਪੁਰ, ਡਾ. ਬਲਜਿੰਦਰ ਸਿੰਘ ਪਟਿਆਲਾ, ਡਾ. ਠਾਕੁਰਜੀਤ ਸਿੰਘ, ਡਾ. ਰੁਪਿੰਦਰ ਸ਼ਰਮਾ ਤੇ ਡਾ. ਹਾਕਮ ਸਿੰਘ ਆਦਿ ਦੀ ਕੋਠੀ ਲਿਜਾ ਕੇ ਮੰਤਰੀ ਨਾਲ ਮੀਟਿੰਗ ਕਰਵਾਈ। ਇਸ ਦੌਰਾਨ  ਉਨ੍ਹਾਂ ਆਪਣੇ ਇਸ ਡਾਕਟਰੀ ਪੇਸ਼ੇ ਨੂੰ ਮਾਨਤਾ ਦੇਣ ਦੀ ਮੰਗ ਕੀਤੀ, ਤਰਕ ਸੀ ਕਿ ਸਰਕਾਰ ਟੈਸਟ ਲੈ ਕੇ ਜਾਂ ਕੋਰਸ ਕਰਵਾ ਕੇ ਸਰਟੀਫਿਕੇਟ ਜਾਂ ਲਾਇਸੈਂਸ ਜਾਰੀ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਵੱਡੀ ਗਿਣਤੀ ਹੈ ਤੇ ਲੋੜ ਪੈਣ ’ਤੇ ਉਹ ਰਾਤ ਨੂੰ ਵੀ ਮੁਢਲੀ ਸਹਾਇਤ ਦਿੰਦੇ ਹਨ। ਆਗੂਆਂ ਦਾ ਕਹਿਣਾ ਸੀ ਕਿ ਸਿਹਤ ਮੰਤਰੀ ਵੱਲੋਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦੇਣ ਤਹਿਤ ਉਨ੍ਹਾਂ ਨੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮਸਲੇ ਦਾ ਹੱਲ ਨਾ ਹੋਇਆ ਤਾਂ 10 ਜੂਨ ਤੋਂ ‘ਜੇਲ੍ਹ ਭਰੋ ਅੰਦੋਲਨ’ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਡਾ. ਬਲਬੀਰ ਸਿੰਘ ਲਾਂਡਰਾਂ ਤੇ ਡਾ. ਬਲਕਾਰ ਸਿੰਘ ਦਾ ਕਹਿਣਾ ਸੀ ਕਿ 6 ਤੋ 14 ਮਈ ਤੱਕ ਰੋਜ਼ਾਨਾ ਇੱਕ ਜ਼ਿਲ੍ਹੇ ਵੱਲੋਂ ਘਿਰਾਓ ਕੀਤਾ ਜਾਣਾ ਸੀ ਤੇ ਅੱਜ ਨਵਾਂ ਸ਼ਹਿਰ ਦੇ ਡਾਕਟਰਾਂ ਨਾਲ ਸਾਰੇ ਜ਼ਿਲ੍ਹਿਆਂ ਤੋਂ ਸੂਬਾਈ ਆਗੂ ਵੀ  ਪੁੱਜੇ ਹੋਏ ਸਨ।