ਚੰਡੀਗੜ੍ਹ, ਵਿਧਾਇਕਾਂ ਲਈ ਕਰਵਾਏ ਜਾ ਰਹੇ ਦੋ ਰੋਜ਼ਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ’ਚ ਵਿਧਾਇਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਰਾਜ ਸਰਕਾਰ ਭਾਵੇਂ ਸਿਹਤਮੰਦ ਆਲੋਚਨਾ ਦਾ ਖਿੜੇ ਮੱਥੇ ਸਵਾਗਤ ਕਰਦੀ ਹੈ ਪਰ ਇਸ ਦੇ ਨਾਲ ਵਿਰੋਧੀ ਧਿਰ ਨੂੰ ਵੀ ਸਿਰਫ਼ ਆਲੋਚਨਾ ਕਰਨ ਖਾਤਰ ਹੀ ਸਰਕਾਰ ਦੀ ਆਲੋਚਨਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 15ਵੀਂ ਵਿਧਾਨ ਸਭਾ ਦੇ ਸਮੂਹ ਵਿਧਾਇਕਾਂ ਨੂੰ ਬੁਨਿਆਦੀ ਸਦਾਚਾਰ ਤੇ ਸ਼ਿਸ਼ਟਾਚਾਰ ਨੂੰ ਅਪਨਾਉਣਾ ਚਾਹੀਦਾ ਹੈ।  ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵਡੇਰੇ ਜਨਤਕ ਹਿੱਤ ਵਿੱਚ ਉਸਾਰੂ ਅਤੇ ਸਕਾਰਾਤਮਕ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਉਸਾਰੂ ਆਲੋਚਨਾ ਲੋਕ ਪੱਖੀ ਉਪਰਾਲਿਆਂ ਨੂੰ ਪ੍ਰਭਾਵੀ ਢੰਗ ਨਾਲ ਅਮਲ ਵਿੱਚ ਲਿਆਉਣ ਤੇ ਸਾਰਥਕ ਨਤੀਜੇ ਕੱਢਣ ਵਿੱਚ ਸਹਾਈ ਸਿੱਧ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਮੈਂਬਰਾਂ ਨੂੰ ਸਦਨ ਵਿੱਚ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਵਟਾਂਦਰੇ ਮੌਕੇ ਤੈਅ ਵਿਧਾਨਕ ਪ੍ਰਕਿਰਿਆਵਾਂ, ਰਵਾਇਤਾਂ, ਕਦਰਾਂ-ਕੀਮਤਾਂ ਅਤੇ ਮਰਿਆਦਾ ਦਾ ਪੱਲਾ ਨਹੀਂ ਛੱਡਾ ਚਾਹੀਦਾ। ਉਨ੍ਹਾਂ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਸਦਨ ਦੇ ਨਿਗਰਾਨ ਹੋਣ ਨਾਤੇ ਵਿਧਾਇਕਾਂ ਦੇ ਸਲਾਹ ਮਸ਼ਵਰੇ ਨਾਲ ਸੈਸ਼ਨ ਦਾ ਏਜੰਡਾ ਉਲੀਕਣ ਤਾਂ ਜੋ ਵਡੇਰੇ ਜਨਤਕ ਹਿੱਤ ਵਿੱਚ ਵਿਧਾਨਕ ਕੰਮਕਾਜ ਨੂੰ ਹੋਰ ਅਰਥਭਰਪੂਰ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਆਖਿਆ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਕਸਰ ਸੰਸਦ ਮੈਂਬਰਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਉਂਦੇ ਹੁੰਦੇ ਸਨ ਅਤੇ ਸੂਰਜਕੁੰਡ ਵਿੱਚ ਹੋਏ ਅਜਿਹੇ ਇੱਕ ਸੈਸ਼ਨ ਵਿੱਚ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਨੇ ਵੀ ਹਿੱਸਾ ਲਿਆ ਸੀ। ਇਸ ਤਜਰਬੇ ਤੋਂ ਉਨ੍ਹਾਂ ਨੂੰ ਬਹੁਤ ਫਾਇਦਾ ਹੋਇਆ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਖਿਆ ਕਿ ਇਹ ਪ੍ਰੋਗਰਾਮ ਸਦਨ ਦੇ ਮੈਂਬਰਾਂ ਨੂੰ ਲੋਕਾਂ ਦੇ ਹਿੱਤ ਵਿੱਚ ਆਪਣੀ ਭੂਮਿਕਾ ਤੇ ਜ਼ਿੰਮੇਵਾਰੀਆਂ ਨਿਭਾਉਣ ਲਈ ਬਹੁਤ ਸਹਾਈ ਹੋਵੇਗਾ। ਉਨ੍ਹਾਂ ਨੇ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਆਪਸੀ ਤਾਲਮੇਲ ਨਾਲ ਕੰਮਕਾਜ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਆਖਿਆ ਕਿ ਇਸ ਨਾਲ ਸਪੀਕਰ ਨੂੰ ਵੀ ਆਪਣੀ ਡਿਊਟੀ ਹੋਰ ਅਸਰਦਾਇਕ ਢੰਗ ਨਾਲ ਕਰਨ ਅਤੇ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਮਿਲੇਗੀ। ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਇਸ ਨਾਲ ਵਿਧਾਨ ਸਭਾ, ਜਿਸ ਨੂੰ ਜਮਹੂਰੀਅਤ ਦਾ ਮਜ਼ਬੂਤ ਥੰਮ੍ਹ ਮੰਨਿਆ ਜਾਂਦਾ ਹੈ, ਦੀਆਂ ਸ਼ਾਨਦਾਰ ਕਦਰਾਂ-ਕੀਮਤਾਂ ਹੋਰ ਮਜ਼ਬੂਤ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਸ਼ੇਸ਼ ਤੌਰ ’ਤੇ ਪਹਿਲੀ ਵਾਰ ਵਿਧਾਇਕ ਚੁਣੇ ਜਾਣ ਵਾਲਿਆਂ ਲਈ ਵੱਧ ਸਹਾਈ ਹੋਵੇਗਾ। ਸ੍ਰੀ ਖਹਿਰਾ ਨੇ ਸਦਨ ਦੀਆਂ ਬੈਠਕਾਂ ਢੁਕਵੀਂ ਗਿਣਤੀ ਵਿੱਚ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਮੈਂਬਰਾਂ ਨੂੰ ਆਪੋ-ਆਪਣੇ ਹਲਕਿਆਂ ਦੇ ਮਸਲੇ ਉਠਾਉਣ ਦਾ ਮੌਕਾ ਮਿਲ ਸਕੇ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਆਖਿਆ ਕਿ ਅਜਿਹੇ ਪ੍ਰੋਗਰਾਮ ਸੰਸਦੀ ਜਮਹੂਰੀਅਤ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਾਰਗਰ ਸਿੱਧ ਹੁੰਦੇ ਹਨ।
ਵਿਧਾਨ ਸਭਾ ਦੇ ਪਿਛਲੇ ਇਜਲਾਸ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਚੁਣੇ ਵਿਧਾਇਕਾਂ ਨੇ ਗ਼ਲਤੀਆਂ ਕੀਤੀਆਂ ਸਨ, ਜਿਸ ਕਰ ਕੇ ਉਨ੍ਹਾਂ ਨੂੰ ਸਦਨ ਦੇ ਸਦਾਚਾਰ ਤੇ ਸ਼ਿਸ਼ਟਾਚਾਰ ਦੀ ਲੋੜੀਂਦੀ ਸਿਖਲਾਈ ਦੇਣੀ ਜ਼ਰੂਰੀ ਸੀ।