ਪੇਈਚਿੰਗ, ਵੱਡੇ ਖਿਡਾਰੀਆਂ ਦੀ ਗ਼ੈਰ-ਮੌਜੂਦਗੀ ਤੋਂ ਪਹਿਲਾਂ ਹੀ ਆਪਣੀ ਸੋਭਾ ਗੁਆ ਚੁੱਕੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਨੂੰ ਵਿਸ਼ਵ ਦੀ ਅੱਵਲ ਨੰਬਰ ਮਹਿਲਾ ਖਿਡਾਰੀ ਸਿਮੋਨਾ ਹਾਲੇਪ ਦੇ ਪਹਿਲੇ ਗੇੜ ਵਿੱਚ ਰਿਟਾਇਰਡ ਹੋ ਕੇ ਬਾਹਰ ਹੋਣ ਨਾਲ ਹੋਰ ਵੀ ਵੱਡਾ ਝਟਕਾ ਲੱਗਿਆ ਹੈ। ਅਮਰੀਕਾ ਦੀ ਸਟਾਰ ਖਿਡਾਰਨ ਸੇਰੇਨਾ ਵਿਲੀਅਮਜ਼ ਪਹਿਲਾਂ ਹੀ ਟੂਰਨਾਮੈਂਟ ਤੋਂ ਹਟ ਗਈ ਸੀ, ਜਦਕਿ ਪੁਰਸ਼ ਸਿੰਗਲਜ਼ ਵਿੱਚੋਂ ਐਂਡੀ ਮਰੇ, ਨੋਵਾਕ ਜੋਕੋਵਿਚ, ਰਾਫੇਲ ਨਡਾਲ ਅਤੇ ਰੋਜਰ ਫੈਡਰਰ ਵਰਗੇ ਵੱਡੇ ਸਟਾਰ ਬਾਹਰ ਰਹੇ।
ਰੋਮਾਨਿਆਈ ਖਿਡਾਰਨ ਹਾਲੇਪ ਨੇ ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਦੇ ਮੈਚ ਵਿੱਚ 31 ਮਿੰਟ ਤੱਕ ਸੰਘਰਸ਼ ਕੀਤਾ ਅਤੇ ਟਿਊਨਿਸ਼ੀਆ ਦੀ ਕੁਆਲੀਫਾਇਰ ਆਂਸ ਜ਼ਾਬੇਰ ਖ਼ਿਲਾਫ਼ ਪਹਿਲਾ ਸੈੱਟ 6-1 ਨਾਲ ਆਸਾਨੀ ਨਾਲ ਜਿੱਤ ਲਿਆ, ਪਰ ਪਿੱਠ ਦੀ ਦਰਦ ਕਾਰਨ ਉਹ ਫਿਰ ਮੈਚ ਜਾਰੀ ਨਹੀਂ ਰੱਖ ਸਕੀ ਅਤੇ ਮੈਚ ਛੱਡਣ ਦਾ ਫ਼ੈਸਲਾ ਕੀਤਾ।
27 ਸਾਲ ਦੀ ਹਾਲੇਪ ਨੂੰ ਇੱਕ ਹਫ਼ਤਾ ਪਹਿਲਾਂ ਵੁਹਾਨ ਓਪਨ ਮੌਕੇ ਸੱਟ ਲੱਗੀ ਸੀ। ਟੂਰਨਾਮੈਂਟ ਦੇ ਪ੍ਰਬੰਧਕਾਂ ਲਈ ਇਹ ਇੱਕ ਹੋਰ ਵੱਡਾ ਝਟਕਾ ਹੈ ਕਿਉਂਕਿ ਸੇਰੇਨਾ ਵਰਗੀ ਵੱਡੀ ਖਿਡਾਰਨ ਪਹਿਲਾਂ ਹੀ ਮਹਿਲਾ ਡਰਾਅ ਦਾ ਹਿੱਸਾ ਨਹੀਂ ਹੈ। ਹਾਲੇਪ ਨੇ ਮੈਚ ਤੋਂ ਹਟਣ ਮਗਰੋਂ ਅਫਸੋਸ ਜ਼ਾਹਰ ਕਰਦਿਆਂ ਕਿਹਾ, ‘‘ਮੈਨੂੰ ਦਰਦ ਹੋ ਰਿਹਾ ਸੀ ਅਤੇ ਮੈਂ ਕੋਰਟ ’ਤੇ ਖੇਡਣ ਤੋਂ ਅਸਮਰਥ ਸੀ। ਮੈਂ ਹੁਣ ਐਮਆਰਆਈ ਸਕੈਨ ਕਰਵਾਊਂਗੀ।’’ ਹਾਲੇਪ ਯੂਐਸ ਓਪਨ ਵਿੱਚ ਵੀ ਸ਼ੁਰੂ ਵਿੱਚ ਹੀ ਹਾਰ ਕੇ ਬਾਹਰ ਹੋ ਗਈ ਸੀ।
ਇੱਕ ਹੋਰ ਮੁਕਾਬਲੇ ਵਿੱਚ ਕੈਰੋਲੀਨਾ ਗਾਰਸੀਆ ਨੂੰ ਵਾਈਲਡ ਕਾਰਡ ਵਾਂਗ ਯਫ਼ਾਨ ਤੋਂ ਸਖ਼ਤ ਮੁਕਾਬਲੇ ਵਿੱਚ ਤਿੰਨ ਘੰਟੇ ਜੂਝਣ ਮਗਰੋਂ 7-6, 6-7, 6-3 ਨਾਲ ਜਿੱਤ ਮਿਲੀ। ਗਾਰਸੀਆ ਪਹਿਲਾ ਸੈੱਟ 77 ਮਿੰਟ ਵਿੱਚ ਟਾਈਬ੍ਰੇਕ ਵਿੱਚ ਜਿੱਤ ਸਕੀ। ਵਿਸ਼ਵ ਵਿੱਚ 78ਵੀਂ ਰੈਂਕ ਦੀ ਵਾਂਗ ਨੇ ਫਿਰ ਦੂਜੇ ਸੈੱਟ ਵਿੱਚ ਚੌਥੀ ਰੈਂਕ ਫਰੈਂਚ ਖਿਡਾਰਨ ਨੂੰ ਟਾਈਬ੍ਰੇਕ ਵਿੱਚ ਹਰਾਇਆ। ਗਾਰਸੀਆ ਨੇ ਤੀਜੇ ਸੈੱਟ ਵਿੱਚ 3-0 ਦੀ ਲੀਡ ਨਾਲ ਸ਼ੁਰੂਆਤ ਕੀਤੀ ਅਤੇ 24 ਸਾਲ ਦੀ ਵਾਈਲਡ ਕਾਰਡ ਖਿਡਾਰਨ ਨੂੰ 6-3 ਨਾਲ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾਈ।