ਸਿਨਸਿਨਾਟੀ, ਸਿਖ਼ਰਲਾ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੂੰ ਕੁਆਰਟਰ ਫਾਈਨਲ ਵਿੱਚ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾਉਣ ਵਾਲੇ ਆਸਟਰੇਲੀਆ ਦੇ ਸਟਾਰ ਖਿਡਾਰੀ ਨਿੱਕ ਕਿਰਗਿਓਸ ਤੇ ਸੱਤਵੀਂ ਸੀਡ ਬੁਲਗਾਰੀਆ ਦੇ ਗ੍ਰਿਗੋਰ ਦਮਿੱਤ੍ਰੋਵ ਨੇ ਆਪਣੇ ਆਪਣੇ ਸੈਮੀ ਫਾਈਨਲ ਮੁਕਾਬਲੇ ਜਿੱਤ ਕੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ।
22 ਸਾਲਾ ਕਿਰਗਿਓਸ ਦਾ ਮਨੋਬਲ ਨਡਾਲ ਨੂੰ ਹਰਾ ਕੇ ਇਸ ਸਮੇਂ ਸੱਤਵੇਂ ਅਸਮਾਨ ’ਤੇ ਹੈ ਅਤੇ ਉਸ ਨੇ ਸੈਮੀ ਫਾਈਨਲ ਵਿੱਚ ਸਪੇਨ ਦੇ ਡੇਵਿਡ ਫੈਰਰ ਨੂੰ 7-6, 7-6 ਨਾਲ ਹਰਾਇਆ ਜਦੋਂਕਿ ਦੂਜੇ ਸੈਮੀ ਫਾਈਨਲ ਵਿੱਚ ਦਮਿੱਤ੍ਰੋਵ ਨੇ ਅਮਰੀਕਾ ਦੇ ਜਾਨ ਇਸਨਰ ਨੂੰ 7-6, 7-6 ਨਾਲ ਹਰਾਇਆ। ਕਿਰਗਿਓਸ ਨੇ ਫੈਰਰ ਦੀ ਚੁਣੌਤੀ ਨੂੰ ਦੋ ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਚੱਲੇ ਮੁਕਾਬਲੇ ਵਿੱਚ ਖ਼ਤਮ ਕਰ ਦਿੱਤਾ। ਮੈਚ ਤੋਂ ਬਾਅਦ ਕਿਰਗਿਓਸ ਨੇ ਕਿਹਾ ਕਿ ਇਹ ਇਕ ਬੇਹੱਦ ਮੁਸ਼ਕਲ ਮੈਚ ਸੀ ਪਰ ਉਸ ਨੂੰ ਲੱਗਦਾ ਹੈ ਕਿ ਉਸ ਨੇ ਆਖ਼ਰਕਾਰ ਇਸ ’ਤੇ ਕੰਟਰੋਲ ਕਰ ਲਿਆ। ਟਾਈ ਬਰੇਕ ਵਿੱਚ ਉਸ ਨੇ ਚੰਗੀ ਸਰਵਿਸ ਕੀਤੀ ਪਰ ਇਹ ਨਿਸ਼ਚਿਤ ਹੈ ਕਿ ਉਹ ਆਪਣਾ ਸਭ ਤੋਂ ਵਧੀਆ ਪ੍ਰਰਦਸ਼ਨ ਨਹੀਂ ਕਰ ਸਕਿਆ। ਉਹ ਫਾਈਨਲ ਵਿੱਚ ਜਗ੍ਹਾ ਬਣਾ ਕੇ ਬੇਹੱਦ ਖੁਸ਼ ਹੈ।
ਜ਼ਿਕਰਯੋਗ ਹੈ ਕਿ ਸੱਤਵੀਂ ਸੀਡ ਦਮਿੱਤ੍ਰੋਵ ਨੇ ਵੀ ਆਪਣਾ ਮੁਕਾਬਲਾ ਲਗਪਗ ਦੋ ਘੰਟਿਆਂ ਵਿੱਚ ਜਿੱਤ ਲਿਆ।ਇਸੇ ਤਰ੍ਹਾਂ ਵਿੰਬਲਡਨ ਚੈਂਪੀਅਨ ਗਰਬਾਈਨ ਮੁਗੂਰੁਜ਼ਾ ਤੇ ਦੂਜੀ ਸੀਡ ਸਿਮੋਨਾ ਹਾਲੈਪ ਨੇ ਆਪਣੇ ਆਪਣੇ ਸੈਮੀ ਫਾਈਨਲ ਮੁਕਾਬਲੇ ਜਿੱਤਦੇ ਹੋਏ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਚੌਥੀ ਸੀਡ ਸਪੇਨ ਦੀ ਗਰਬਾਈਨ ਮੁਗੂਰੁਜ਼ਾ ਨੇ ਸੈਮੀ ਫਾਈਨਲ ਵਿੱਚ ਬਿਹਤਰੀਨ ਲੈਅ ਜਾਰੀ ਰੱਖਦੇ ਹੋਏ ਵਿਸ਼ਵ ਦੀ ਨੰਬਰ ਇਕ ਖਿਡਾਰਨ ਕੈਰੋਲੀਨਾ ਪਲਿਸਕੋਵਾ ਨੂੰ ਲਗਾਤਾਰ ਸੈੱਟਾਂ ਵਿੱਚ 6-3, 6-2 ਨਾਲ ਹਰਾ ਦਿੱਤਾ ਜਦੋਂਕਿ ਹਾਲੈਪ ਨੇ ਅਮਰੀਕਾ ਦੀ ਇੱਕਮਾਤਰ ਖਿਡਾਰਨ ਸਲੋਏਨ ਸਟੀਫਨਜ਼ ਦੀ ਚੁਣੌਤੀ ਨੂੰ ਸਿਰਫ 54 ਮਿੰਟਾਂ ਵਿੱਚ 6-2, 6-1 ਨਾਲ ਖ਼ਤਮ ਕਰਦਿਆਂ ਖ਼ਿਤਾਬੀ ਮੁਕਾਬਲੇ ਵਿੱਚ ਜਗ੍ਹਾ ਬਣਾਈ। ਸਟੀਫਨਜ਼ ਗਿਆਰਾਂ ਮਹੀਨਿਆਂ ਬਾਅਦ ਵਾਪਸੀ ਕਰ ਰਹੀ ਸੀ। ਹਾਲੈਪ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਉਸ ਲਈ ਵਿਸ਼ੇਸ਼ ਤਜ਼ਰਬਾ ਹੋਵੇਗਾ ਜੇਕਰ ਉਹ ਨੰਬਰ-1 ਬਣਦੀ ਹੈ। ਇਹ ਉਹੀ ਸਮਾਂ ਹੈ ਜਦੋਂ ਕੋਈ ਵੀ ਨੰਬਰ-1 ਬਣ ਸਕਦਾ ਹੈ। ਰੈਂਕਿੰਗਜ਼ ਵਿੱਚ ਸਖ਼ਤ ਮਿਹਨਤ ਹੈ, ਦੇਖਦੇ ਹਾਂ ਅੱਗੇ ਕੀ ਹੁੰਦਾ ਹੈ। ਮੁਗੂਰੁਜ਼ਾ ਬਾਰੇ ਪੁੱਛੇ ਜਾਣ ’ਤੇ ਹਾਲੈਪ ਨੇ ਕਿਹਾ ਕਿ ਵਿੰਬਲਡਨ ਜਿੱਤਣ ਤੋਂ ਬਾਅਦ ਮੁਗੂਰੁਜ਼ਾ ਦੇ ਮਨੋਬਲ ਵਿੱਚ ਕਾਫੀ ਵਾਪਾ ਹੋਇਆ ਹੋਵੇਗਾ ਅਤੇ ਉਸ ਨੂੰ ਲੱਗਦਾ ਹੈ ਕਿ ਉਹ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ। ਉਹ ਵੀ ਚੰਗੀ ਲੈਅ ਵਿੱਚ ਹੈ ਅਤੇ ਉਸ ਨੇ ਆਸ ਪ੍ਰਗਟਾਈ ਕਿ ਫਾਈਨਲ ਵਿੱਚ ਚੰਗਾ ਮੁਕਾਬਲਾ ਦੇਖਣ ਨੂੰ ਮਿਲੇਗਾ।