ਚੰਡੀਗੜ੍ਹ, 26 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ‘ਦਰਬਾਰ’ ’ਚ ਹੁਣ ਦੋ ਆਗੂਆਂ ਦਾ ਉਭਾਰ ਸਪੱਸ਼ਟ ਤੌਰ ’ਤੇ ਨਜ਼ਰ ਆ ਰਿਹਾ ਹੈ। ਸਿਆਸੀ ਦੰਗਲ ’ਚ ਸੱਤਾ ਦਾ ਨਵਾਂ ਤਵਾਜ਼ਨ ਬਣਦਾ ਜਾ ਰਿਹਾ ਹੈ। ਪਿਛਲੇ ਹਫ਼ਤੇ ਦੋ ਝਟਕੇ (ਰਾਣਾ ਗੁਰਜੀਤ ਸਿੰਘ ਅਤੇ ਅਧਿਕਾਰੀ ਸੁਰੇਸ਼ ਕੁਮਾਰ ਦੀ ਰੁਖ਼ਸਤਗੀ) ਲੱਗਣ ਮਗਰੋਂ ਮੁੱਖ ਮੰਤਰੀ ਮੁੜ ਪੂਰੇ ਰੌਂਅ ’ਚ ਆ ਗਏ ਹਨ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਉਨ੍ਹਾਂ ਦੇ ਭਰੋਸੇਮੰਦਾਂ ’ਚ ਸ਼ਾਮਲ ਹੋ ਗਏ ਹਨ। ਇਸ ਹਫ਼ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮੇਅਰਾਂ ਦੀ ਚੋਣ ’ਚ ਅਣਗੌਲਿਆਂ ਕਰਨ ’ਤੇ ਨਾਰਾਜ਼ਗੀ ਜਤਾਉਣ ਨਾਲ ਉਸ ਨੂੰ ਖੁੱਡੇ ਲਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਕੈਬਨਿਟ ਦੇ ਸੂਤਰਾਂ ਨੇ ਦੱਸਿਆ ਕਿ ਕੱਲ ਸ਼ਾਮ ਹੋਈ ਮੰਤਰੀ ਮੰਡਲ ਦੀ ਬੈਠਕ ਦੌਰਾਨ ਕਿਸੇ ਨੇ ਵੀ ਸਿੱਧੂ ਮਾਮਲੇ ’ਤੇ ਚਰਚਾ ਨਹੀਂ ਕੀਤੀ। ਹੱਦ ਤਾਂ ਇਥੋਂ ਤਕ ਹੋ ਗਈ ਕਿ ਬੈਠਕ ਦੌਰਾਨ ਮੰਤਰੀ ਮੰਡਲ ਦੇ ਸਾਥੀਆਂ ਨੇ ਸਿੱਧੂ ਨਾਲ ਦੁਆ-ਸਲਾਮ ਤਕ ਨਹੀਂ ਕੀਤੀ। ਕੈਪਟਨ ਨੇ ਕੇਂਦਰੀ ਲੀਡਰਸ਼ਿਪ ਨੂੰ ਭਰੋਸੇ ’ਚ ਲੈ ਕੇ ਸਿੱਧੂ ਨੂੰ ਦੇ ਕਥਿਤ ਤੌਰ ’ਤੇ ‘ਪਰ ਕੁਤਰਨ’ ਕਰਨ ਦਾ ਫ਼ੈਸਲਾ ਲਿਆ। ਕੈਪਟਨ ਦੇ ਦੋਵੇਂ ਭਰੋਸੇਮੰਦਾਂ ਨੇ ਹੀ ਸੁਰੇਸ਼ ਕੁਮਾਰ ਦਾ ਮੁੱਦਾ ਕੈਬਨਿਟ ’ਚ ਉਠਾਇਆ ਜਿਸ ਨਾਲ ਉਸ ਨੂੰ ਮੁੜ ਲਿਆਉਣ ਲਈ ਕੈਪਟਨ ਨੂੰ ਹੱਲਾਸ਼ੇਰੀ ਮਿਲੀ। ਉਂਜ ਕੁਝ ਮੰਤਰੀ ਉਸ ਦੀ ਵਿਦਾਇਗੀ ਤੋਂ ਖੁਸ਼ ਸਨ। ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅੱਜ ਕੈਪਟਨ ਦੀਆਂ ਹਦਾਇਤਾਂ ’ਤੇ ਸੁਰੇਸ਼ ਕੁਮਾਰ ਨੂੰ ਮਿਲੇ ਅਤੇ ਸਾਬਕਾ ਮੁੱਖ ਪ੍ਰਮੁੱਖ ਸਕੱਤਰ ਨੂੰ ਸਰਕਾਰ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਜੇਕਰ ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦੀ ਮੰਨੀਏ ਤਾਂ ਸਿੱਧੂ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਨੇੜਤਾ ’ਚ ਖਿੱਚੋਤਾਣ ਪੈਦਾ ਹੋ ਗਈ ਹੈ। ਸੂਤਰਾਂ ਮੁਤਾਬਕ ਸਿੱਧੂ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਲਈ ਪ੍ਰਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਿੱਧੂ ਲਈ ਚੰਡੀਗੜ੍ਹ ’ਚ ਸੱਤ ਦਿਨਾਂ ਲਈ ਪਾਰਟੀ ਵੱਲੋਂ ਉਚੇਚੇ ਤੌਰ ’ਤੇ ਹੈਲੀਕਾਪਟਰ ਤਿਆਰ ਰੱਖਿਆ ਗਿਆ ਤਾਂ ਜੋ ਉਹ ਹਿਮਾਚਲ ਪ੍ਰਦੇਸ਼ ’ਚ ਪ੍ਰਚਾਰ ਲਈ ਇਸ ਦੀ ਵਰਤੋਂ ਕਰ ਸਕੇ। ਪਰ ਸਿੱਧੂ ਨੇ ਆਪਣੇ ਕੇਸ ’ਚ ਫ਼ੈਸਲਾ ਆਉਣ ਦਾ ਹਵਾਲਾ ਦਿੱਤਾ ਅਤੇ ਭਾਜਪਾ ਖ਼ਿਲਾਫ਼ ਕੋਈ ਸ਼ਬਦੀ ਹਮਲਾ ਕਰਨ ਤੋਂ ਇਨਕਾਰ ਕਰ ਦਿੱਤਾ। ਮੁੱਖ ਮੰਤਰੀ ਨੇੜਲੇ ਸੂਤਰ ਮੁਤਾਬਕ ਸਿੱਧੂ ਦਾ ਇਹ ਫ਼ੈਸਲਾ ਕਾਂਗਰਸ ਹਾਈ ਕਮਾਂਡ ਦੇ ਰਾਸ ਨਹੀਂ ਆਇਆ ਹੈ।