ਦੁਬਈ, 12 ਦਸੰਬਰ
ਰੀਓ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਬੈਡਮਿੰਟਨ ਖਿਡਾਰੀ ਭਾਰਤ ਦੀ ਪੀਵੀ ਸਿੰਧੂ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸਾਲ ਦੇ ਆਖਰੀ ਖ਼ਿਤਾਬ ਦੁਬਈ ਸੀਰੀਜ਼ ਫਾਈਨਲਜ਼ ਦੇ ਮਹਿਲਾ ਸਿੰਗਲਜ਼ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਘੱਟ ਰੈਂਕਿੰਗਜ਼ ਵਾਲੀ ਚੀਨ ਦੀ ਹੀ ਬਿੰਗਜਿਆਓ ਖ਼ਿਲਾਫ਼ ਕਰੇਗੀ।
ਦੁਨੀਆਂ ਦੀ ਨੰਬਰ ਤਿੰਨ ਸ਼ਟਲਰ ਸਿੰਧੂ ਨੂੰ ਗਰੁੱਪ ‘ਏ’ ’ਚ ਦੁਨੀਆਂ ਦੀ ਦੂਜੇ ਨੰਬਰ ਦੀ ਜਪਾਨ ਦੀ ਖਿਡਾਰਨ ਅਕਾਨੇ ਯਾਮਾਗੁਚੀ, ਜਪਾਨ ਦੀ ਹੀ 15ਵੇਂ ਨੰਬਰ ਦੀ ਸਯਾਕਾ ਸਾਤੋ ਤੇ ਦੁਨੀਆਂ ਦੀ ਨੰਬਰ ਨੌਂ ਦੀ ਖਿਡਾਰਨ ਬਿੰਗਜਿਆਓ ਨਾਲ ਰੱਖਿਆ ਗਿਆ ਹੈ। ਇਹ ਚਾਰੋ ਖਿਡਾਰਨਾਂ ਇੱਕ-ਦੂਜੇ ਖ਼ਿਲਾਫ਼ ਰਾੳੂਂਡ ਰੌਬਿਨ ਵੰਨਗੀ ’ਚ ਖੇਡਣਗੀਆਂ। ਦੂਜੇ ਗਰੁੱਪ ’ਚ ਦੁਨੀਆਂ ਦੀ ਨੰਬਰ ਇੱਕ ਚੀਨੀ ਤਾਇਪੈ ਦੀ ਤਾਈ ਯੂ ਯਿੰਗ, ਕੋਰੀਆ ਦੀ ਪੰਜਵੇਂ ਨੰਬਰ ਦੀ ਸੁੰਗ ਜੀ ਹਿੳੂਨ, ਛੇਵੇਂ ਨੰਬਰ ਦੀ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਤੇ ਚੀਨੀ ਦੀ ਦੁਨੀਆਂ ਦੀ ਅੱਠਵੇਂ ਨੰਬਰ ਦੀ ਚੇਨ ਯੂਫੇਈ ਨੂੰ ਰੱਖਿਆ ਗਿਆ ਹੈ। ਓਲੰਪਿਕ ਤਗ਼ਮਾ ਜੇਤੂ ਸਪੇਨ ਦੀ ਕੈਰੋਲੀਨਾ ਮਾਰਿਨ ਤੇ ਵਿਸ਼ਵ ਚੈਂਪੀਅਨ ਨੋਜੋਮੀ ਓਕੁਹਾਰਾ ਇਸ ਟੂਰਨਾਮੈਂਟ ਤੋਂ ਹੱਟ ਗਈਆਂ ਹਨ।
ਪੁਰਸ਼ ਸਿੰਗਲਜ਼ ’ਚ ਦੁਨੀਆਂ ਦੇ ਚੌਥੇ ਨੰਬਰ ਦੇ ਭਾਰਤ ਦੇ ਕਿਦਾਂਬੀ ਸ੍ਰੀਕਾਂਤ ਨੂੰ ਗਰੁੱਪ ਬੀ ’ਚ ਦੁਨੀਆਂ ਦੇ ਨੰਬਰ ਇੱਕ ਡੈਨਮਾਰਕ ਦੇ ਵਿਕਟਰ ਐਕਸਲਸੇਨ, ਸੱਤਵੇਂ ਨੰਬਰ ਦੇ ਚਾਓ ਟਿਏਨ ਚੇਨ ਤੇ ਅੱਠਵੇਂ ਨੰਬਰ ਦੇ ਸ਼ੀ ਯੁਕੀ ਨਾਲ ਰੱਖਿਆ ਗਿਆ ਹੈ। ਸ੍ਰੀਕਾਂਤ ਆਪਣਾ ਪਹਿਲਾ ਮੈਚ ਬੁੱਧਵਾਰ ਨੂੰ ਅੈਕਸੇਲਸਨ ਖ਼ਿਲਾਫ਼ ਖੇਡੇਗਾ। ਇਹ ਭਾਰਤੀ ਖਿਡਾਰੀ ਮੌਜੂਦਾ ਸੈਸ਼ਨ ’ਚ ਬਿਹਤਰੀਨ ਫਾਰਮ ’ਚ ਰਿਹਾ ਹੈ ਅਤੇ ਇੱਕ ਕੈਲੰਡਰ ਸਾਲ ’ਚ ਚਾਰ ਸੁਪਰ ਸੀਰੀਜ਼ ਖ਼ਿਤਾਬ ਜਿੱਤਣ ਵਾਲਾ ਦੁਨੀਆਂ ਦਾ ਚੌਥਾ ਤੇ ਭਾਰਤ ਦਾ ਪਹਿਲਾ ਖਿਡਾਰੀ ਬਣਿਆ।