ਸੰਗਰੂਰ, 20 ਸਤੰਬਰ,ਆਮ ਆਦਮੀ ਪਾਰਟੀ (‘ਆਪ’) ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਕਿਸਾਨ ਹੀ ਨਹੀਂ, ਸਾਰਾ ਪੰਜਾਬ ਮੁੱਖ ਮੰਤਰੀ ਦੇ ‘ਮੋਤੀ ਮਹਿਲ’ ਵੱਲ ਕੂਚ ਕਰਨ ਨੂੰ ਤਿਆਰ ਬੈਠਾ ਹੈ, ਪਰ ‘ਮੋਤੀ ਮਹਿਲ’ ਖਾਲੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਮੌਕੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਮਗਰੋਂ ਪੰਜਾਬ ਆਉਣਾ ਹੀ ਭੁੱਲ ਗਏ ਹਨ ਤੇ ਛੇ ਮਹੀਨਿਆਂ ਦੌਰਾਨ ਛੇ ਵਾਰ ਵੀ ਪੰਜਾਬ ਨਹੀਂ ਆਏ।
ਭਗਵੰਤ ਮਾਨ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਬਣਿਆਂ ਛੇ ਮਹੀਨੇ ਬੀਤ ਚੁੱਕੇ ਹਨ ਪਰ ਪੰਜਾਬ ਵਿੱਚ ਕੋਈ ਖੇਤੀਬਾੜੀ ਮੰਤਰੀ ਨਹੀਂ ਹੈ। ਬਗ਼ੈਰ ਮੰਤਰੀਆਂ ਤੋਂ ਹੀ ਚੱਲ ਰਹੀ ਕੈਪਟਨ ਸਰਕਾਰ ਦੀ ਵਾਗਡੋਰ ਅਧਿਕਾਰੀਆਂ ਦੇ ਹੱਥ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਵਾਅਦੇ ਯਾਦ ਕਰਾਉਣ ਲਈ ਅਜੇ ਤੱਕ ਤਾਂ ਸੱਤ ਕਿਸਾਨ ਜਥੇਬੰਦੀਆਂ ਮੋਰਚਾ ਲਾ ਰਹੀਆਂ ਹਨ, ਪਰ ਅਸਲ ਵਿੱਚ ਸਾਰਾ ਪੰਜਾਬ ਹੀ ‘ਮੋਤੀ ਮਹਿਲ’ ਵੱਲ ਕੂਚ ਕਰਨ ਨੂੰ ਤਿਆਰ ਹੈ।  ਉਨ੍ਹਾਂ ਕਿਹਾ ਕਿ ‘ਆਪ’ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਵੱਲੋਂ ਦਿੱਤੇ ਬਿਆਨ ਕਿ ‘ਆਪ’ ਆਧਾਰ ਗੁਆ ਚੁੱਕੀ ਹੈ, ’ਤੇ ਪ੍ਰਤੀਕਰਮ ਦਿੰਦਿਆਂ ਸ੍ਰੀ ਮਾਨ ਨੇ ਕਿਹਾ ਕਿ 2007 ਵਿੱਚ ਭਾਜਪਾ ਨੂੰ ਪੰਜਾਬ ਵਿੱਚੋਂ 23 ਸੀਟਾਂ, 2012 ਵਿੱਚ 13 ਸੀਟਾਂ ਤੇ 2017 ਵਿੱਚ ਸਿਰਫ਼ 3 ਸੀਟਾਂ ਮਿਲੀਆਂ ਹਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਧਾਰ ਕਿਸ ਪਾਰਟੀ ਦਾ ਖੁੱਸਿਆ ਹੈ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਉਪ ਚੋਣ ਲਈ ਭਾਜਪਾ ਦਾ ਉਮੀਦਵਾਰ ਮੁੰਬਈ ਅਤੇ ਕਾਂਗਰਸ ਦਾ ਉਮੀਦਵਾਰ ਅਬੋਹਰ ਤੋਂ ਆ ਰਿਹਾ ਹੈ, ਜਦੋਂਕਿ ‘ਆਪ’ ਨੇ ਸਥਾਨਕ ਆਗੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਸ ਮੌਕੇ ਪਾਰਟੀ ਆਗੂ ਬਚਨ ਬੇਦਿਲ, ਡਾ. ਅਮਨਦੀਪ ਕੌਰ ਗੋਸਲ, ਸੁਖਜਿੰਦਰ ਸਿੰਘ ਬਾਲੀਆਂ, ਨਰਿੰਦਰ ਕੌਰ ਭਰਾਜ, ਰਣਬੀਰ ਸਿੰਘ ਢੀਂਡਸਾ ਤੇ ਗਿਆਨ ਸਿੰਘ ਮਾਨ ਵੀ ਹਾਜ਼ਰ ਸਨ।