ਚੰਡੀਗੜ੍ਹ: ਦਲਬੀਰ ਗੋਲਡੀ ਨੇ ਇੱਕ ਵਾਰ ਮੁੜ ਕਾਂਗਰਸ ‘ਚ ਵਾਪਸੀ ਕਰ ਲਈ ਹੈ। ਉਨ੍ਹਾਂ ਨੂੰ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੇ ਪਾਰਟੀ ਵਿੱਚ ਮੁੜ ਸ਼ਾਮਲ ਕਰਵਾਇਆ। ਇਸ ਮੌਕੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹਾਜ਼ਰ ਸਨ। ਯਾਦ ਰਹੇ ਕਿ ਦਲਬੀਰ ਗੋਲਡੀ ਨੇ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਦਾਖ਼ਲਾ ਲਿਆ ਸੀ।
ਦਰਅਸਲ, ਗੋਲਡੀ ਕਾਂਗਰਸ ਵੱਲੋਂ ਸੰਗਰੂਰ ਤੋਂ ਟਿਕਟ ਨਾ ਮਿਲਣ ਕਰਕੇ ਨਾਰਾਜ਼ ਹੋ ਗਏ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਸੰਗਰੂਰ ਤੋਂ ਉਨ੍ਹਾਂ ਨੂੰ ਟਿਕਟ ਮਿਲੇਗੀ, ਪਰ ਪਾਰਟੀ ਨੇ ਇਹ ਟਿਕਟ ਸੁਖਪਾਲ ਸਿੰਘ ਖਹਿਰਾ ਨੂੰ ਦੇ ਦਿੱਤੀ। ਤਿੰਨ ਮਹੀਨਿਆਂ ਤੋਂ ਉਹ ਇਲਾਕੇ ‘ਚ ਤਿਆਰੀਆਂ ਕਰ ਰਹੇ ਸਨ, ਜਿਸ ਕਰਕੇ ਉਹ ਖਾਸੇ ਨਾਰਾਜ ਹੋ ਗਏ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਵੀ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਜਤਾਈ ਸੀ।
ਦਲਬੀਰ ਸਿੰਘ ਗੋਲਡੀ ਨੇ ਆਪਣਾ ਸਿਆਸੀ ਸਫਰ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਕੀਤਾ। 2006-07 ਵਿੱਚ ਉਹ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਬਣੇ। ਉਨ੍ਹਾਂ ਨੇ PGDCA ਤੱਕ ਪੜ੍ਹਾਈ ਕੀਤੀ ਹੋਈ ਹੈ। ਗੋਲਡੀ ਨੇ ਯੂਥ ਕਾਂਗਰਸ ਰਾਹੀਂ ਮੁੱਖ ਧਾਰਾ ਰਾਜਨੀਤੀ ਵਿੱਚ ਕਦਮ ਰੱਖਿਆ।
2017 ਦੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਉਨ੍ਹਾਂ ਨੂੰ ਧੂਰੀ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਸੀ ਜਿਥੇ ਉਨ੍ਹਾਂ ਨੇ AAP ਦੇ ਉਮੀਦਵਾਰ ਨੂੰ 2838 ਵੋਟਾਂ ਨਾਲ ਹਰਾਇਆ। ਹਾਲਾਂਕਿ 2022 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।