ਪਟਿਆਲਾ, 24 ਅਪਰੈਲ
ਪੰਜਾਬ ਪੁਲੀਸ ਵਿੱਚ ਨੌਕਰੀ ਕਰਦਿਆਂ ਨਾਜਾਇਜ਼ ਢੰਗ ਨਾਲ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੇਵਾਮੁਕਤ ਐੱਸ.ਐੱਸ.ਪੀ. ਸੁਰਜੀਤ ਸਿੰਘ ਗਰੇਵਾਲ ਦੇ ਪੁਲੀਸ ਰਿਮਾਂਡ ਵਿੱਚ ਤਿੰਨ ਦਿਨਾਂ ਦਾ ਹੋਰ ਵਾਧਾ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਰੋਜ਼ਾ ਰਿਮਾਂਡ ਖ਼ਤਮ ਹੋਣ ’ਤੇ ਅੱਜ ਸੇਵਾਮੁਕਤ ਐੱਸ.ਐੱਸ.ਪੀ. ਸੁਰਜੀਤ ਸਿੰਘ ਗਰੇਵਾਲ ਨੂੰ ਵਿਜੀਲੈਂਸ ਟੀਮ ਨੇ ਮੁੜ ਤੋਂ ਅਦਾਲਤ ਵਿੱਚ ਪੇਸ਼ ਕੀਤਾ। ਪੁੱਛ-ਪੜਤਾਲ ਦੌਰਾਨ ਕੁਝ ਨਵੀਂ ਜਾਣਕਾਰੀ ਮਿਲਣ ਦੇ ਤਰਕ ਤਹਿਤ ਇਸ ਦੀ ਪੜਚੋਲ ਲਈ ਮੁਲਜ਼ਮ ਨੂੰ ਵੱਖ-ਵੱਖ ਥਾਵਾਂ ’ਤੇ ਲਿਜਾਣ ਲਈ ਹਫ਼ਤੇ ਦਾ ਹੋਰ ਰਿਮਾਂਡ ਮੰਗਿਆ ਗਿਆ। ਇਸ ’ਤੇ ਅਦਾਲਤ ਨੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਦੇ ਦਿੱਤਾ।
ਦੱਸਣਯੋਗ ਹੈ ਕਿ 21 ਦਸੰਬਰ 2017 ਨੂੰ ਵਿਜੀਲੈਂਸ ਵੱਲੋਂ ਸੇਵਾਮੁਕਤ ਐੱਸ.ਐੱਸ.ਪੀ. ਸੁਰਜੀਤ ਸਿੰਘ ਗਰੇਵਾਲ ਵੱਲੋਂ ਨੌਕਰੀ ਦੇ ਪਿਛਲੇ ਪੰਦਰਾਂ ਸਾਲਾਂ ਦੌਰਾਨ ਦੋ ਕਰੋੜ ਆਮਦਨੀ ਦੇ ਮੁਕਾਬਲੇ ਕਰੀਬ 12 ਕਰੋੜ ਰੁਪਏ ਦੀ ਜਾਇਦਾਦ ਬਣਾਏ ਜਾਣ ਦੀ ਗੱਲ ਆਖੀ ਗਈ ਸੀ। ਤਫ਼ਤੀਸ਼ ਦੌਰਾਨ ਅੰਕੜਾ ਹੋਰ ਵਧ ਗਿਆ। ਇਸ ਕੇਸ ਵਿੱਚੋਂ ਸੁਪਰੀਮ ਕੋਰਟ ਤੋਂ ਵੀ ਅਗਾਊਂ ਜ਼ਮਾਨਤ ਦੀ ਰਾਹਤ ਨਾ ਮਿਲਣ ’ਤੇ ਗਰੇਵਾਲ ਨੇ ਪਟਿਆਲਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।