ਓਟਾਵਾ – ਅਮਰੀਕਾ ਦੇ ਇੰਟਰਨੈਸ਼ਨਲ ਟਰੇਡ ਕਮਿਸ਼ਨ ਵੱਲੋਂ ਸਰਬਸੰਮਤੀ ਨਾਲ ਕੈਨੇਡੀਅਨ ਲੰਬਰ ਇੰਡਸਟਰੀ ਨੂੰ ਸਬਸਿਡੀ ਦਿੱਤੇ ਜਾਣ ਕਾਰਨ ਅਮਰੀਕੀ ਉਤਪਾਦਕਾਂ ਨੂੰ ਹੋ ਰਹੇ ਨੁਕਸਾਨ ਦਾ ਰੋਣਾ ਰੋਂਦਿਆਂ ਉਨ੍ਹਾਂ ਦੇ ਪੱਖ ‘ਚ ਵੋਟ ਕਰਨ ਦਾ ਫੈਡਰਲ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ। ਫੈਡਰਲ ਸਰਕਾਰ ਨੇ ਵੀ ਕੈਨੇਡਾ ਦੀ ਸਾਫਟਵੁੱਡ ਲੰਬਰ ਇੰਡਸਟਰੀ ਨੂੰ ਬਚਾਉਣ ਦਾ ਤਹੱਈਆ ਪ੍ਰਗਟਾਇਆ ਹੈ।
ਨੈਚੂਰਲ ਰਿਸੋਰਸਿਜ਼ ਮੰਤਰੀ ਜਿੰਮ ਕਾਰ ਨੇ ਓਟਾਵਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਕੈਨੇਡਾ ਦੇ ਫੌਰੈਸਟਰੀ ਸੈਕਟਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਤੇ ਹਮੇਸ਼ਾਂ ਇਸ ਦਾ ਸਾਥ ਦੇਵਾਂਗੇ। ਕਾਰ ਨੇ ਅਮਰੀਕਾ ਵੱਲੋਂ ਕੈਨੇਡੀਅਨ ਲੰਬਰ ਇੰਡਸਟਰੀ ‘ਤੇ ਲਾਏ ਜਾਣ ਵਾਲੇ ਟੈਕਸ ਨੂੰ ਗੈਰਲੋੜੀਂਦਾ ਦੱਸਿਆ। ਉਨ੍ਹਾਂ ਆਖਿਆ ਕਿ ਇਸ ਸਬੰਧ ‘ਚ ਕੈਨੇਡਾ ਪਹਿਲਾਂ ਹੀ ਨਾਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਅਤੇ ਵਰਲਡ ਟਰੇਡ ਆਰਗੇਨਾਈਜ਼ੇਸ਼ਨ ਕੋਲ ਇਸ ਮਾਮਲੇ ਨੂੰ ਚੁਣੌਤੀ ਦੇ ਚੁੱਕਿਆ ਹੈ। ਨਾਫਟਾ ਡਿਸਪਿਊਟ ਪੈਨਲ ਵੱਲੋਂ ਅਗਲੇ ਸਾਲ ਦੇ ਅੰਤ ਤੱਕ ਇਸ ਸਬੰਧੀ ਫੈਸਲਾ ਆ ਜਾਵੇਗਾ ਪਰ ਡਬਲਿਊਟੀਓ ਦੀ ਪ੍ਰਕਿਰਿਆ ਨੂੰ ਕਈ ਸਾਲ ਲੱਗ ਸਕਦੇ ਹਨ।
ਕਾਰ ਨੇ ਆਖਿਆ ਕਿ ਅਸੀਂ ਪਹਿਲਾਂ ਵੀ ਇਹ ਲੜਾਈ ਲੜ ਚੁੱਕੇ ਹਾਂ ਅਤੇ ਅਸੀਂ ਕੈਨੇਡਾ ਦੇ ਹਿਤਾਂ ਦੀ ਰਾਖੀ ਲਈ ਇਸ ਲੜਾਈ ਨੂੰ ਅੱਗੇ ਵੀ ਜਾਰੀ ਰੱਖਾਂਗੇ। ਉਨ੍ਹਾਂ ਆਖਿਆ ਕਿ ਸਰਕਾਰ ਸਪੋਰਟ ਪੈਕੇਜ ਰਾਹੀਂ ਇੰਡਸਟਰੀ ਦੀ ਮਦਦ ਕਰ ਰਹੀ ਹੈ। ਇਸ ਪੈਕੇਜ ‘ਚ ਕਮਰਸ਼ੀਅਲ ਦਰਾਂ ‘ਤੇ ਲੋਨ ਗਾਰੰਟੀ, ਐਕਸਪੋਰਟ ਮਾਰਕਿਟ ਦੇ ਪਸਾਰ ਲਈ ਕੰਮ ਕਰਨਾ ਤੇ ਇੰਡਸਟਰੀ ‘ਚ ਤਬਦੀਲੀ ਲਿਆਉਣਾ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਏਜੰਸੀ ਨੇ ਵੀਰਵਾਰ ਨੂੰ 4-0 ਵੋਟਾਂ ਨਾਲ ਯੂਐਸ ਲੰਬਰ ਕੋਲੀਸ਼ਨ ਦਾ ਪੱਖ ਪੂਰਿਆ। ਇੱਥੇ ਦੱਸਣਾ ਬਣਦਾ ਹੈ ਕਿ ਯੂਐਸ ਲੰਬਰ ਕੋਲੀਸ਼ਨ ਨੇ ਇਹ ਸ਼ਿਕਾਇਤ ਕੀਤੀ ਸੀ ਕਿ ਕੈਨੇਡੀਅਨ ਲੰਬਰ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਕਾਰਨ ਬਹੁਤ ਘੱਟ ਕੀਮਤਾਂ ‘ਚ ਕੈਨੇਡੀਅਨ ਸਾਫਟਵੁੱਡ ਨੂੰ ਅਮਰੀਕਾ ‘ਚ ਡੰਪ ਕੀਤਾ ਜਾ ਰਿਹਾ ਹੈ।