ਅੰਮਿ੍ਤਸਰ, ਭਾਜਪਾ ਸੰਸਦ ਮੈਂਬਰ ਸੁਬਰਾਮਨੀਅਨ ਸਵਾਮੀ ਨੇ ਅੱਜ ਇਥੇ ਕਿਹਾ ਕਿ ਸਾਕਾ ਨੀਲਾ ਤਾਰਾ ਅਪਰੇਸ਼ਨ ‘ਸ਼ਰਾਰਤਪੂਰਨ ਗਲਤੀ’ ਸੀ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਸੀ। ਸਾਕਾ ਨੀਲਾ ਤਾਰਾ ਅਪਰੇਸ਼ਨ ਜੂਨ 1984 ਵਿੱਚ ਅਤਿਵਾਦੀਆਂ ਨੂੰ ਬਾਹਰ ਕੱਢਣ ਲਈ ਕੀਤਾ ਗਿਆ ਸੀ ਜੋ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਲੁਕੇ ਹੋਏ ਸਨ। 1984 ਵਿੱਚ ਕਾਂਗਰਸ ਸੱਤਾ ਵਿੱਚ ਸੀ। ਸਵਾਮੀ ਨੇ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ‘ਨਸਲਕੁਸ਼ੀ’ ਦੱਸਿਆ ਸੀ।
ਰਾਜ ਸਭਾ ਮੈਂਬਰ ਸੁਬਰਾਮਨੀਅਨ ਸਵਾਮੀ ਨੇ ਆਰਐਸਐਸ ਵਲੋਂ ਇਥੇ ਮਾਧਵ ਵਿਦਿਆ ਨਿਕੇਤਨ ਸਕੂਲ ਵਿੱਚ ਪੱਤਰਕਾਰਤਾ ਵਿਸ਼ੇ ’ਤੇ ਕਰਾਏ ਗਏ ਸਮਾਗਮ ਵਿਚ ਸ਼ਿਰਕਤ ਕੀਤੀ। ਉਨ੍ਹਾਂ ਆਖਿਆ ਕਿ ਇਸ ਵੇਲੇ ਸੋਸ਼ਲ ਮੀਡੀਆ ਵਧੇਰੇ ਤਾਕਤਵਰ ਮੀਡੀਆ ਵਜੋਂ ਉਭਰ ਰਿਹਾ ਹੈ। ਉਨ੍ਹਾਂ ਹਰਿਮੰਦਰ ਸਾਹਿਬ ਮੱਥਾ ਟੇਕਿਆ।
ਮੁੱਖ ਬੁਲਾਰੇ ਵਜੋਂ ਆਪਣੇ ਸੰਬੋਧਨ ਦੌਰਾਨ ਸ੍ਰੀ ਸਵਾਮੀ ਨੇ ਆਖਿਆ ਕਿ ਸੋਸ਼ਲ ਮੀਡੀਆ ਇਕ ਨਵੇਂ ਮੀਡੀਏ ਵਜੋਂ ਉਭਰ ਰਿਹਾ ਹੈ ਜਿਸ ਦਾ ਸਮਾਜ ’ਤੇ ਵੱਡਾ ਅਸਰ ਹੈ। ਇਸ ਰਾਹੀਂ ਹਰ ਵਿਅਕਤੀ ਨੂੰ ਧਰਮ, ਸਮਾਜ ਅਤੇ ਰਾਜਨੀਤੀ ’ਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲ ਗਿਆ ਹੈ। ਹੁਣ ਟੀਵੀ ਚੈਨਲ ਅਤੇ ਅਖਬਾਰਾਂ ਵਲੋਂ ਵੀ ਸੋਸ਼ਲ ਮੀਡੀਆ ਦੀ ਜਾਣਕਾਰੀ ਨੂੰ ਅਪਨਾਇਆ ਜਾ ਰਿਹਾ ਹੈ। ਹਾਲ ਹੀ ਵਿਚ ਡੇਟਾ ਚੋਰੀ ਦੀ ਵਾਪਰੀ ਘਟਨਾ ਬਾਰੇ ਗੱਲ ਕਰਦਿਆਂ ਰਾਜ ਸਭਾ ਮੈਂਬਰ ਨੇ ਆਖਿਆ ਕਿ ਅਮਰੀਕਾ ਅਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਵਲੋਂ ਆਪਣੇ ਪੱਧਰ ’ਤੇ ਸਮਾਜ ’ਤੇ ਆਪਣਾ ਦਬਦਬਾ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ ਇਸ ਵੇਲੇ ਸਿਰਫ ਇਕ ਪੱਖ ਨੂੰ ਹੀ ਪੇਸ਼ ਕਰ ਰਿਹਾ ਹੈ। ਇਹ ਮੀਡੀਆ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਲਈ ਖਤਰਾ ਵੀ ਬਣ ਗਿਆ ਹੈ। ਦੇਸ਼ ਵਿਰੋਧੀ ਤੱਥ ਕਿਸੇ ਵੀ ਕੰਪਿਊਟਰ ਨੂੰ ਹੈਕ ਕਰਕੇ ਅੰਕੜੇ ਚੋਰੀ ਕਰ ਸਕਦੇ ਹਨ। ਇਸ ਦੌਰਾਨ ਉਨ੍ਹਾਂ ਗਾਂਧੀ ਪਰਿਵਾਰ ਨੂੰ ਰਗੜੇ ਵੀ ਲਾਏ। ਮੀਡੀਆ ਨਾਲ ਗੱਲਬਾਤ ਦੌਰਾਨ ਧਾਰਮਿਕ ਸਥਾਨਾਂ ਤੇ ਕੇਂਦਰ ਵੱਲੋਂ ਜੀਐਸਟੀ ਲਾਏ ਜਾਣ ਸਬੰਧੀ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਧਾਰਮਿਕ ਅਸਥਾਨਾਂ ’ਤੇ ਅਜਿਹਾ ਟੈਕਸ ਨਹੀਂ ਲਾਇਆ ਜਾਣਾ ਚਾਹੀਦਾ।