ਕੋਵਲੂਨ, ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ, ਪੀ.ਵੀ. ਸਿੰਧੂ ਅਤੇ ਐਚ.ਐਸ. ਪ੍ਰਣਯ ਨੇ ਚਾਰ ਲੱਖ ਡਾਲਰ ਇਨਾਮੀ ਰਾਸ਼ੀ ਦੀ ਹਾਂਗਕਾਂਗ ਸੁਪਰ ਸੀਰੀਜ਼ ਬੈਡਮਿੰਟਨ ਦੇ ਦੂਜੇ ਗੇੜ ਵਿੱਚ ਪ੍ਰਵੇਸ਼ ਕਰ ਲਿਆ ਹੈ ਪਰ ਪਾਰੂਪੱਲੀ ਕਸ਼ਯਪ ਤੇ ਸੌਰਭ ਵਰਮਾ ਪਹਿਲੇ ਗੇੜ ਦਾ ਅੜਿੱਕਾ ਪਾਰ ਨਹੀਂ ਕਰ ਸਕੇ।
ਲੰਡਨ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਸਾਇਨਾ ਨੇ ਦੁਨੀਆਂ ਦੀ 44ਵੇਂ ਨੰਬਰ ਦੀ ਖਿਡਾਰੀ ਡੈਨਮਾਰਕ ਦੀ ਮੈਟੇ ਪੁਲਸੈਨ ਨੂੰ 21-19, 23-21 ਨਾਲ ਹਰਾਇਆ। ਦੁਨੀਆਂ ਦੀ 11ਵੇਂ ਨੰਬਰ ਦੀ ਖਿਡਾਰਨ ਸਾਇਨਾ ਨੇਹਵਾਲ ਹੁਣ ਅੱਠਵਾਂ ਦਰਜਾ ਪ੍ਰਾਪਤ ਚੀਨ ਦੀ ਚੇਨ ਯੂਫੇ ਨਾਲ ਖੇਡੇਗੀ ਜਿਸ ਨੇ ਅਗਸਤ ਵਿੱਚ ਗਲਾਸਗੋ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਓਲੰਪਿਕ ਚਾਂਦੀ ਤਗ਼ਮਾ ਜੇਤੂ ਪੀ.ਵੀ. ਸਿੰਧੂ ਨੇ ਹਾਂਗਕਾਂਗ ਦੀ ਲਿਯੁੰਗ ਯੁੱਟ ਯੀ ਨੂੰ 21-18, 21-10 ਨਾਲ ਹਰਾਇਆ। ਹੁਣ ਉਹ ਜਾਪਾਨ ਦੀ ਆਯਾ ਓਹਰੀ ਜਾਂ ਰੂਸ ਦੀ ਐਵਜੀਨੀਆ ਕੋਸੈਤਸਕਾਇਆ ਨਾਲ ਖੇਡੇਗੀ। ਪੁਰਸ਼ ਸਿੰਗਲਜ਼ ਵਿੱਚ ਪ੍ਰਣਯ ਨੇ ਹਾਂਗਕਾਂਗ ਦੇ ਹੂ ਯੁਨ ਨੂੰ 19-21, 21-17, 21-15 ਨਾਲ ਹਰਾਇਆ। ਹੁਣ ਉਹ ਜਾਪਾਨ ਦੇ ਕਾਜ਼ੂਮਾਸਾ ਸਕਾਇ ਨਾਲ ਖੇਡੇਗਾ ਜਿਸ ਨੇ ਉਸ ਨੂੰ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਦੇ ਸੈਮੀ ਫਾਈਨਲ ਵਿੱਚ ਹਰਾਇਆ ਸੀ। ਪੁਰਸ਼ ਸਿੰਗਲਜ਼ ਵਰਗ ਵਿੱਚ ਰਾਸ਼ਟਰਮੰਡਲ ਖੇਡ ਚੈਂਪੀਅਨ ਕਸ਼ਯਪ ਨੂੰ ਕੋਰੀਆ ਦੇ ਲੀ ਡੌਂਗ ਕਿਊਨ ਨੇ 15-21, 21-9, 22-20 ਨਾਲ ਹਰਾਇਆ। ਉੱਥੇ ਹੀ ਸੌਰਭ ਇੰਡੋਨੇਸ਼ੀਆ ਦੇ ਟੌਮੀ ਸੁਗਿਆਰਤਾ ਤੋਂ 15-21, 8-21 ਤੋਂ ਹਾਰ ਗਿਆ। ਮਹਿਲਾ ਡਬਲਜ਼ ਵਿੱਚ ਅਸ਼ਵਨੀ ਪੋਨੰਪਾ ਅਤੇ ਐਨ ਸਿੱਕੀ ਰੈਡੀ ਨੂੰ ਚੀਨ ਦੀ ਹੁਆਂਗ ਡੌਂਗਪਿੰਗ ਅਤੇ ਲੀ ਵੈਨਮੇਈ ਨੇ 21-11, 19-21, 21-19 ਤੋਂ ਹਰਾਇਆ।