ਓਡੈਂਸੇ (ਡੈਨਮਾਰਕ), ਰਾਸ਼ਟਰਮੰਡਲ ਖੇਡ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਚੱਲ ਰਹੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਉਹ ਇਸ ਖ਼ਿਤਾਬ ਨੂੰ ਦੂਜੀ ਵਾਰ ਜਿੱਤਣ ਤੋਂ ਇੱਕ ਮੈਚ ਦੂਰ ਹੈ। ਦੂਜੇ ਪਾਸੇ, ਮੌਜੂਦਾ ਚੈਂਪੀਅਨ ਕਿਦੰਬੀ ਸ੍ਰੀਕਾਂਤ ਨੂੰ ਸੈਮੀ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਸਾਇਨਾ ਨੇ ਅੱਜ ਸੈਮੀ ਫਾਈਨਲ ਵਿੱਚ 19ਵੀਂ ਰੈਂਕਿੰਗ ਦੀ ਇੰਡੋਨੇਸ਼ਿਆਈ ਖਿਡਾਰੀ ਗ੍ਰੇਗੋਰੀਆ ਮਾਰਿਸਕਾ ਤੁਨਜੁੰਗ ਨੂੰ ਇਕਪਾਸੜ ਮੁਕਾਬਲੇ ਵਿੱਚ ਲਗਾਤਾਰ ਸੈੱਟਾਂ ਵਿੱਚ 30 ਮਿੰਟ ’ਚ 21-11, 21-12 ਨਾਲ ਹਰਾਇਆ। ਇੱਥੇ 2012 ਵਿੱਚ ਚੈਂਪੀਅਨ ਰਹਿ ਚੁੱਕੀ ਸਾਇਨਾ ਦਾ ਫਾਈਨਲ ਵਿੱਚ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਚੀਨੀ ਤਾਇਪੈ ਦੀ ਤੇਈ ਜੂ ਯਿੰਗ ਨਾਲ ਮੁਕਾਬਲਾ ਹੋਵੇਗਾ। ਸਾਇਨਾ ਦਾ ਯਿੰਗ ਖ਼ਿਲਾਫ਼ 5-12 ਦਾ ਕਰੀਅਰ ਰਿਕਾਰਡ ਹੈ। ਸਾਇਨਾ ਨੇ ਨਵੰਬਰ 2014 ਤੋਂ ਹੁਣ ਤਕ ਯਿੰਗ ਹੱਥੋਂ ਆਪਣੇ ਪਿਛਲੇ ਦਸ ਮੁਕਾਬਲੇ ਗੁਆਏ ਹਨ।
ਭਾਰਤੀ ਖਿਡਾਰੀ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਸੱਤਵੀਂ ਰੈਂਕਿੰਗ ਦੀ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨੂੰ 58 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 17-21, 21-16, 21-12 ਨਾਲ ਹਰਾਇਆ ਸੀ। ਵਿਸ਼ਵ ਦੀ ਦਸਵੇਂ ਨੰਬਰ ਦੀ ਖਿਡਾਰਨ ਸਾਇਨਾ ਨੇ ਪਹਿਲਾ ਗੇਮ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ। ਓਕੂਹਾਰਾ ਤੋਂ ਲਗਾਤਾਰ ਤਿੰਨ ਵਾਰ ਹਾਰ ਚੁੱਕੀ ਭਾਰਤੀ ਸਟਾਰ ਲਈ ਇਹ ਜਿੱਤ ਹੌਸਲਾ ਵਧਾਉਣ ਵਾਲੀ ਸੀ। ਇਸ ਜਿੱਤ ਨਾਲ ਭਾਰਤੀ ਸ਼ਟਲਰ ਦਾ ਓਕੂਹਾਰਾ ਖ਼ਿਲਾਫ਼ ਜਿੱਤ ਹਾਰ ਦਾ ਰਿਕਾਰਡ 7-4 ਦਾ ਹੋ ਗਿਆ ਹੈ।
ਆਪਣੇ ਪਿਛਲੇ ਮੈਚ ਵਿੱਚ ਦੋ ਵਾਰ ਦੇ ਓਲੰਪਿਕ ਚੈਂਪੀਅਨ ਚੀਨ ਦੇ ਲਿਨ ਡੈਨ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਣ ਵਾਲੇ ਸ੍ਰੀਕਾਂਤ ਨੂੰ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਹਮਵਤਨ ਸਮੀਰ ਵਰਮਾ ਨੂੰ ਹਰਾਉਣ ਲਈ ਕਾਫੀ ਪਸੀਨਾ ਵਹਾਉਣਾ ਪਿਆ। ਸ੍ਰੀਕਾਂਤ ਨੇ 23ਵੀਂ ਰੈਂਕਿੰਗ ਵਾਲੇ ਵਰਮਾ ਨੂੰ ਇੱਕ ਘੰਟਾ 18 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 22-20, 19-21, 23-21 ਨਾਲ ਸ਼ਿਕਸਤ ਦੇ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਸੀ। ਹਾਲਾਕਿ ਛੇਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਨੂੰ ਸੈਮੀ ਫਾਈਨਲ ਵਿੱਚ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਅਤੇ ਦੂਜਾ ਦਰਜਾ ਪ੍ਰਾਪਤ ਜਾਪਾਨ ਦੇ ਕੈਂਤੋ ਮੋਮੋਤਾ ਤੋਂ 42 ਮਿੰਟ ਵਿੱਚ ਹਾਰ ਝੱਲਣੀ ਪਈ। ਮੋਮੋਤਾ ਨੇ ਇਹ ਮੁਕਾਬਲਾ 21-16, 21-12 ਨਾਲ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ।
ਮਹਿਲਾ ਡਬਲਜ਼ ਵਿੱਚ ਅਸ਼ਵਿਨੀ ਪੋਨੱਪਾ ਅਤੇ ਐਨ ਸਿੱਕੀ ਰੈਡੀ ਦੀ ਮੁਹਿੰਮ ਯੂਕੀ ਫੁਕੁਸ਼ਿਮਾ ਅਤੇ ਸਯਾਕਾ ਹਿਰੋਤਾ ਦੀ ਸੀਨੀਅਰ ਦਰਜਾ ਪ੍ਰਾਪਤ ਜੋੜੀ ਤੋ ਹਾਰ ਕੇ ਖ਼ਤਮ ਹੋ ਗਈ। ਭਾਰਤੀ ਜੋੜੀ ਨੂੰ ਜਾਪਾਨੀ ਖਿਡਾਰਨ ਹੱਥੋਂ 36 ਮਿੰਟ ਵਿੱਚ 21-14, 21-12 ਨਾਲ ਹਾਰ ਝੱਲਣੀ ਪਈ।