ਕੋਲੂਨ — ਸਾਇਨਾ ਨੇਹਵਾਲ ਨੇ 4 ਲੱਖ ਡਾਲਰ ਇਨਾਮੀ ਰਕਮ ਦੀ ਹਾਂਗਕਾਂਗ ਸੁਪਰ ਸੀਰੀਜ਼ ਬੈਡਮਿੰਟਨ ਦੇ ਦੂਜੇ ਦੌਰ ‘ਚ ਪ੍ਰਵੇਸ਼ ਕਰ ਲਿਆ ਪਰ ਪਾਰੂਪੱਲੀ ਕਸ਼ਯਪ ਅਤੇ ਸੌਰਭ ਵਰਮਾ ਪਹਿਲੇ ਦੌਰ ਦੀ ਰੁਕਾਵਟ ਪਾਰ ਨਾ ਕਰ ਸਕੇ। ਲੰਡਨ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਸਾਇਨਾ ਨੇ ਦੁਨੀਆ ਦੀ 44ਵੇਂ ਨੰਬਰ ਦੀ ਖਿਡਾਰਨ ਡੈਨਮਾਰਕ ਦੀ ਮੇਟੇ ਪੋਲਸੇਨ ਨੂੰ 21-19, 23-21 ਨਾਲ ਹਰਾਇਆ।

ਦੁਨੀਆ ਦੀ 11ਵੇਂ ਨੰਬਰ ਦੀ ਖਿਡਾਰਨ ਸਾਇਨਾ ਹੁਣ ਅੱਠਵਾਂ ਦਰਜਾ ਪ੍ਰਾਪਤ ਚੀਨ ਦੀ ਚੇਨ ਯੁਫੇਈ ਨਾਲ ਖੇਡੇਗੀ ਜਿਸ ਨੇ ਅਗਸਤ ‘ਚ ਗਲਾਸਗੋ ‘ਚ ਹੋਈ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ। ਪੁਰਸ਼ ਸਿੰਗਲ ਵਰਗ ‘ਚ ਰਾਸ਼ਟਰਮੰਡਲ ਖੇਡ ਚੈਂਪੀਅਨ ਕਸ਼ਯਪ ਨੂੰ ਕੋਰੀਆ ਦੇ ਲੀ ਡੋਂਗ ਕਿਊਨ ਨੇ 15-21, 21-9, 22-20 ਨਾਲ ਹਰਾਇਆ। ਜਦਕਿ ਸੌਰਭ ਇੰਡੋਨੇਸ਼ੀਆ ਦੇ ਟੋਮੀ ਸੁਗੀਯਾਰਤੋ ਤੋਂ 15-21, 8-21 ਨਾਲ ਹਾਰ ਗਏ।