ਗੁਰਦਾਸਪੁਰ – ਭਾਜਪਾ ਦਾ ਕੈਂਡੀਡੇਟ ਗੁਰਦਾਸਪੁਰ ਤੋਂ ਸਵਰਨ ਸਲਾਰੀਆ ਦੀ ਯੋਗਤਾ ਨੂੰ ਲੈ ਕੇ ਚੋਣ ਕਮਿਸ਼ਨ ਵਲੋ ਆਯੋਗ ਕਰਾਰ ਦਿੱਤੇ ਜਾ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਨਾਮਜ਼ਦਗੀ ਕਾਗਜ਼ਾਂ ‘ਚ ਆਪਣੇ ‘ਤੇ ਚੱਲ ਰਹੇ ਕੇਸਾਂ ਦੀ ਜਾਣਕਾਰੀ ਛੁਪਾਈ ਹੈ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਲਾਰੀਆ ‘ਤੇ 2014 ‘ਚ ਦਰਜ ਇਕ ਪਰਚੇ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਸ ‘ਤੇ ਇਕ ਮਹਿਲਾ ਨੇ ਦੋਸ਼ ਲਗਾਏ ਸਨ ਕਿ ਉਹ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਦਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਇਸ ਕੇਸ ਦੀ ਤਾਰੀਕ 30 ਅਕਤੂਬਰ ਨੂੰ ਹੈ, ਇਹ ਜਾਣਕਾਰੀ ਸਲਾਰੀਆ ਲੁਕਾਈ ਹੈ, ਜਿਹੜੀ ਉਨ੍ਹਾਂ ਨੂੰ ਮਹਿੰਗਾ ਪੈ ਸਕਦੀ ਹੈ। ਮਨਪ੍ਰੀਤ ਨੇ ਸਲਾਰੀਆ ਦੀ ਉਮੀਦਵਾਰੀ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ ਕਿਉਂਕਿ ਉਸ ਨੇ ਸਾਰੀ ਜਾਣਕਾਰੀ ਲੁਕਾਈ ਹੈ। ਮਨਪ੍ਰੀਤ ਨੇ ਕਿਹਾ ਕਿ ਇਹ ਸਾਰੀ ਜਾਣਕਾਰੀ ਬੀਤੀ ਦੇਰ ਰਾਤ ਖੁਦ ਉਨ੍ਹਾਂ ਦੇ ਕੋਲ ਆ ਕੇ ਦਿੱਤੀ ਹੈ। ਮਨਪ੍ਰੀਤ ਨੇ ਕਿਹਾ ਕਿ ਸਲਾਰੀਆ ਨੇ ਪੈਸੇ ਅਤੇ ਪਹੁੰਚ ਦੇ ਬਲਬੂਤੇ ਕੇਸ ਦੀ ਜਾਂਚ ਕਰ ਰਹੇ ਅਧਿਕਾਰੀਆਂ ‘ਤੇ ਦਬਾਅ ਪਾ ਕੇ ਬਲਾਤਕਾਰ ਅਤੇ ਧੋਖਾਧੜੀ ਦੀਆਂ ਧਾਰਾਵਾਂ ਕੇਸ ‘ਚੋਂ ਕਢਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਤੋਂ ਜਾਂਚ ਕਰਵਾਈ ਗਈ ਤਾਂ ਉਨ੍ਹਾਂ ਨੇ ਇਸ ਕੇਸ ਨੂੰ ਲੈ ਕੇ ਇਸ ਦੀ ਮੁੜ ਜਾਂਚ ਲਈ ਸੁਪਰੀਮ ਕੋਰਟ ‘ਚ ਅਪੀਲ ਕੀਤੀ, ਜਿਸ ਦੀ ਤਾਰੀਕ 30 ਅਕਤੂਬਰ ਹੈ।