ਪੈਰਿਸ— ਵਿਵਾਦਪੂਰਨ ਧਾਕੜ ਜਸਟਿਨ ਗੈਟਲਿਨ ਨੂੰ ਆਈ. ਏ. ਏ. ਐੱਫ. ਵਲੋਂ ਦਿੱਤੇ ਜਾਣ ਵਾਲੇ ਸਰਵਸ੍ਰੇਸ਼ਠ ਐਥਲੀਟਾਂ ਦੇ ਸਾਲਾਨਾ ਪੁਰਸਕਾਰਾਂ ‘ਚ ਨਾਮਜ਼ਦਗੀ ਨਹੀਂ ਮਿਲੀ ਹੈ। ਓਸੈਨ ਬੋਲਟ ਨੂੰ ਹਰਾ ਕੇ 100 ਮੀਟਰ ਦੌੜ ਦੇ ਮੌਜੂਦਾ ਚੈਂਪੀਅਨ ਬਣੇ ਗੈਟਲਿਨ ‘ਤੇ ਦੋ ਵਾਰ ਡੋਪਿੰਗ ਦੇ ਦੋਸ਼ ‘ਚ ਪਾਬੰਦੀ ਲੱਗ ਚੁੱਕੀ ਹੈ।
ਇਸ ਸਾਲ ਅਗਸਤ ‘ਚ ਲੰਡਨ ਵਿਸ਼ਵ ਚੈਂਪੀਅਨਸ਼ਿਪ ‘ਚ 100 ਮੀਟਰ ਦੌੜ ਵਿਚ ਚੈਂਪੀਅਨ ਬਣ ਕੇ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਪ੍ਰਤੀਯੋਗਿਤਾ ਵਿਚ ਜਮਾਇਕਾ ਦਾ ਮਹਾਨ ਐਥਲੀਟ ਓਸੈਨ ਬੋਲਟ ਕਾਂਸੀ ਤਮਗਾ ਜਿੱਤ ਸਕਿਆ ਸੀ।
ਆਈ. ਏ. ਐੱਫ. ਐੱਫ. ਨੇ ਜਿਹੜੀ ਸੂਚੀ ਜਾਰੀ ਕੀਤੀ ਹੈ, ਉਸ ‘ਚ 2004 ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ 100 ਮੀਟਰ ਫਰਾਟਾ ਦੌੜ ਵਿਚ ਓਲੰਪਿਕ ਤੇ ਵਿਸ਼ਵ ਚੈਂਪੀਅਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ 2015 ‘ਚ ਆਈ. ਏ. ਏ. ਐੱਫ. ਨੇ ਨਿਯਮ ਬਣਾਇਆ ਸੀ ਕਿ ਡੋਪਿੰਗ ਦੀ ਪਾਬੰਦੀ ਝੱਲਣ ਵਾਲੇ ਐਥਲੀਟਾਂ ਨੂੰ ਇਸ ਪੁਰਸਕਾਰ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ।