ਨਵੀਂ ਦਿੱਲੀ, 11 ਜਨਵਰੀ
ਸਕੀਇੰਗ ’ਚ ਕੌਮਾਂਤਰੀ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਆਂਚਲ ਠਾਕੁਰ ਨੂੰ ਆਸ ਹੈ ਕਿ ਉਸ ਤਗ਼ਮਿਆਂ ਨਾਲ ਸਰਦ ਰੁੱਤ ਖੇਡਾਂ ਪ੍ਰਤੀ ਸਰਕਾਰ ਦੀ ਨਿਰਾਸ਼ਾ ਜ਼ਰੂਰ ਖ਼ਤਮ ਹੋਵੇਗੀ। ਤੁਰਕੀ ’ਚ ਕਾਂਸੀ ਤਗ਼ਮਾ ਜਿੱਤਣ ਵਾਲੀ ਆਂਚਲ ਨੂੰ ਸਭ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ।
ਆਂਚਲ ਨੇ ਤੁਰਕੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਪ੍ਰਧਾਨ ਮੰਤਰੀ ਮੇਰੇ ਲਈ ਟਵੀਟ ਕਰਨਗੇ। ਮੈਂ ਉਮੀਦ ਕਰਦੀ ਹਾਂ ਕਿ ਸਾਨੂੰ ਵੀ ਹੋਰਨਾਂ ਖੇਡਾਂ ਦੇ ਖਿਡਾਰੀਆਂ ਦੇ ਬਰਾਬਰ ਮੰਨਿਆ ਜਾਵੇਗਾ।
ਅਜੇ ਤੱਕ ਸਰਕਾਰ ਤੋਂ ਕੋਈ ਸਹਿਯੋਗ ਮਿਲਿਆ ਨਹੀਂ ਹੈ।’ ਉਸ ਨੇ ਕਿਹਾ, ‘ਮੈਂ ਇੰਨਾ ਹੀ ਕਹਿਣਾ ਚਾਹਾਂਗੀ ਕਿ ਅਸੀਂ ਜੂਝ ਰਹੇ ਹਾਂ ਅਤੇ ਸਖ਼ਤ ਮਿਹਨਤ ਕਰ ਰਹੇ ਹਾਂ।’ ਚੰਡੀਗੜ੍ਹ ਦੇ ਡੀਏਵੀ ਕਾਲਜ ਦੀ ਵਿਦਿਆਰਥਣ ਆਂਚਲ ਲਈ ਇਹ ਸਫ਼ਰ ਸੌਖਾ ਨਹੀਂ ਸੀ ਹਾਲਾਂਕਿ ਉਸ ਦੇ ਪਿਤਾ ਰੌਸ਼ਨ ਠਾਕੁਰ ਭਾਰਤੀ ਸਰਦ ਰੁੱਤ ਖੇਡ ਫੈਡਰੇਸ਼ਨ ਦੇ ਸਕੱਤਰ ਹਨ ਅਤੇ ਸਕੀਇੰਗ ਦੇ ਸ਼ੌਕੀਨ ਹਨ। ਉਨ੍ਹਾਂ ਦੇ ਬੱਚਿਆਂ ਆਂਚਲ ਤੇ ਹਿਮਾਂਸ਼ੂ ਨੇ ਘੱਟ ਉਮਰ ’ਚ ਹੀ ਸਕੀਇੰਗ ਸ਼ੁਰੂ ਕਰ ਦਿੱਤੀ ਸੀ। ਆਂਚਲ ਨੇ ਕਿਹਾ ਉਹ ਸੱਤਵੀਂ ਜਮਾਤ ਤੋਂ ਹੀ ਯੂਰੋਪ ’ਚ ਸਕੀਇੰਗ ਕਰ ਰਹੀ ਹੈ। ਉਸ ਦੇ ਪਿਤਾ ਨੇ ਆਪਣੀ ਜੇਬ ਤੋਂ ਹੀ ਉਸ ਤੇ ਉਸ ਦੇ ਭਰਾ ਦੀ ਸਕੀਇੰਗ ਸਿਖਲਾਈ ਲਈ ਖਰਚਾ ਕੀਤਾ ਹੈ। ਆਂਚਲ ਦੇ ਪਿਤਾ ਰੌਸ਼ਨ ਨੇ ਕਿਹਾ ਕਿ ਭਾਰਤ ’ਚ ਗੁਲਮਰਗ ਤੇ ਔਲੀ ’ਚ ਵਿਸ਼ਵ ਪੱਧਰੀ ਸਕੀਇੰਗ ਸਹੂਲਤਾਂ ਹਨ, ਪਰ ਉਨ੍ਹਾਂ ਦੀ ਸੰਭਾਲ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂਰੋਪ ਦੇ ਖਿਡਾਰੀ ਸਾਲ ’ਚ ਦਸ ਮਹੀਨੇ ਅਭਿਆਸ ਕਰਦੇ ਹਨ ਜਦਕਿ ਸਾਡੇ ਖਿਡਾਰੀਆਂ ਨੂੰ ਸਿਰਫ਼ ਦੋ ਮਹੀਨੇ ਹੀ ਅਭਿਆਸ ਲਈ ਮਿਲਦੇ ਹਨ ਕਿਉਂਕਿ ਵਿਦੇਸ਼ ’ਚ ਅਭਿਆਸ ਕਰਨਾ ਕਾਫੀ ਮਹਿੰਗਾ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਮਨਾਲੀ ਦੀ ਰਹਿਣ ਵਾਲੀ 21 ਸਾਲਾ ਆਂਚਲ ਠਾਕੁਰ ਨੇ ਤੁਰਕੀ ’ਚ ਕੌਮਾਂਤਰੀ ਸਕੀ ਫੈਡਰੇਸ਼ਨ ਦੇ ਐਲਪਾਈਨ ਏਜ਼ਰ 3200 ਕੱਪ ਟੂਰਨਾਮੈਂਟ ’ਚ ਕਾਂਸੀ ਤਗ਼ਮਾ ਹਾਸਲ ਕਰਕੇ ਦੇਸ਼ ਨੂੰ ਸਕੀਇੰਗ ’ਚ ਉਸ ਦਾ ਪਹਿਲਾ ਕੌਮਾਂਤਰੀ ਤਗ਼ਮਾ ਦਿਵਾ ਦੇ ਇਤਿਹਾਸ ਰਚਿਆ ਹੈ।
ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਚਲ ਠਾਕੁਰ ਨੂੰ ਸਕੀਇੰਗ ’ਚ ਭਾਰਤ ਲਈ ਪਹਿਲਾ ਤਗ਼ਮਾ ਜਿੱਤਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਪੂਰਾ ਦੇਸ਼ ਉਸ ਦੀ ਇਤਿਹਾਸਕ ਪ੍ਰਾਪਤੀ ’ਤੇ ਖੁਸ਼ ਹੈ। ਸ੍ਰੀ ਮੋਦੀ ਨੇ ਟਵੀਟ ਕੀਤਾ, ‘ਸ਼ਾਬਾਸ਼ ਆਂਚਲ ਸਕੀਇੰਗ ’ਚ ਕੌਮਾਂਤਰੀ ਤਗ਼ਮਾ ਜਿੱਤਣ ਲਈ। ਪੂਰਾ ਦੇਸ਼ ਤੁਹਾਡੀ ਪ੍ਰਾਪਤੀ ਤੋਂ ਖੁਸ਼ ਹੈ। ਭਵਿੱਖ ਲਈ ਸ਼ੁਭਕਾਮਨਾਵਾਂ।’