ਪਿਓਂਗਯਾਂਗ, 26 ਫਰਵਰੀ
ਸਰਦ ਰੁੱਤ ਓਲੰਪਿਕ ਖੇਡਾਂ ਵਿੱਚ ਹੁਣ ਤਕ ਦੀ ਸਭ ਤੋਂ ਵੱਡੀ ਪਿਓਂਗਯਾਂਗ ਓਲੰਪਿਕ ਅੱਜ ਇੱਥੇ ਖੱਟੀਆਂ-ਮਿੱਠੀਆਂ ਯਾਦਾਂ ਛੱਡਦੀ ਸਮਾਪਤ ਹੋ ਗਈ। ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਖੇਡਾਂ ਦੀ ਸਮਾਪਤੀ ਦਾ ਐਲਾਨ ਕਰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਨੇ ਓਲੰਪਿਕ ਨੂੰ ਨਵੇਂ ਖਿਡਾਰੀਆਂ, ਦੇਸ਼ਾਂ, ਮੁਕਾਬਲਿਆਂ ਅਤੇ ਤਕਨੀਕਾਂ ਲਈ ਖੋਲ੍ਹ ਦਿੱਤਾ ਹੈ। ਪਿਓਂਗਯਾਂਗ ਖੇਡਾਂ ਵਿੱਚ ਨਾਰਵੇ ਨੇ 14 ਸੋੋਨੇ, 14 ਚਾਂਦੀ ਅਤੇ 11 ਕਾਂਸੀ ਦੇ ਤਗ਼ਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ 14 ਤਗ਼ਮੇ, ਦਸ ਚਾਂਦੀ ਅਤੇ ਸੱਤ ਕਾਂਸੀ ਨਾਲ ਜਰਮਨੀ ਦੂਜੇ ਸਥਾਨ ’ਤੇ ਹੈ। ਕੈਨੇਡਾ ਤੀਜੇ ਅਤੇ ਅਮਰੀਕਾ ਚੌਥੇ ਸਥਾਨ ’ਤੇ ਰਿਹਾ। ਮੇਜ਼ਬਾਨ ਦੱਖਣੀ ਕੋਰੀਆ ਪੰਜ ਸੋਨੇ ਸਣੇ 17 ਤਗ਼ਮੇ ਜਿੱਤ ਕੇ ਸੱਤਵੇਂ ਸਥਾਨ ’ਤੇ ਰਿਹਾ। ਸਮਾਰੋਹ ਦੀ ਸਮਾਪਤੀ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਉਤਰ ਕੋਰੀਆ ਦੇ ਪਾਬੰਦੀਸ਼ੁਦਾ ਜਨਰਲ ਕਿਮ ਯਾਂਗ ਚੋਲ ਦੇ ਨੇੜੇ ਬੈਠੀ ਸੀ ਜਦਕਿ ਰੂਸ ਦੇ ਪ੍ਰਤੀਨਿਧੀਆਂ ਨੇ ਆਪਣੇ ਦੇਸ਼ ਦਾ ਝੰਡਾ ਫੜਿਆ ਹੋਇਆ ਸੀ। ਉਦਘਾਟਨ ਸਮਾਰੋਹ ਤੋਂ ਇਲਾਵਾ ਉਤਰ ਅਤੇ ਦੱਖਣੀ ਕੋਰੀਆ ਦੇ ਖਿਡਾਰੀਆਂ ਨੇ ਵੱਖ-ਵੱਖ ਮਾਰਚ ਪਾਸਟ ਕੀਤਾ। ਉਹ ਆਪਣੇ ਕੌਮੀ ਝੰਡੇ ਲਹਿਰਾ ਰਹੇ ਸਨ। ਹਾਲਾਂਕਿ ਉਤਰ ਕੋਰੀਆ ਦੇ ਕੁੱਝ ਖਿਡਾਰੀਆਂ ਨੇ ਕੋਰੀਆ ਦੀ ਸਾਂਝ ਵਾਲਾ ਚਿੰਨ੍ਹ ਫੜਿਆ ਹੋਇਆ ਸੀ।

ਹਾਕੀ: ਰੂਸ ਨੇ ਜਿੱਤਿਆ ਸੋਨ ਤਗ਼ਮਾ
ਰੂਸ ਦੇ ਅਥਲੀਟਾਂ ਨੇ ਪੁਰਸ਼ਾਂ ਦੇ ਹਾਕੀ ਮੁਕਾਬਲੇ ਵਿੱਚ ਅੱਜ ਜਰਮਨੀ ਨੂੰ 4-3 ਨਾਲ ਹਰਾ ਕੇ ਸੋਨੇ ਦਾ ਤਗ਼ਮਾ ਜਿੱਤ ਲਿਆ ਹੈ। ਇਹ ਮੁਕਾਬਲਾ ਗਾਂਗਨਿਓਂਗ ਹਾਕੀ ਸੈਂਟਰ ’ਤੇ ਖੇਡਿਆ ਗਿਆ। ਮੈਚ ਦੇ ਤੀਜੇ ਕੁਆਰਟਰ ਦੇ ਅਖ਼ੀਰ ਤਕ ਸਕੋਰ 3-3 ਨਾਲ ਚੱਲ ਰਿਹਾ ਸੀ। ਮੈਚ ਦੇ ਆਖ਼ਰੀ ਮੌਕੇ ਗੋਲ ਕਰਕੇ ਰੂਸ ਨੇ ਇਸ ਨੂੰ 4-3 ਕਰ ਦਿੱਤਾ। ਇਸ ਹਾਰ ਕਾਰਨ ਦੂਜੇ ਸਥਾਨ ’ਤੇ ਰਹਿੰਦਿਆਂ ਜਰਮਨੀ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਜੈੱਕ ਗਣਰਾਜ ਨੂੰ ਹਰਾ ਕੇ ਕੈਨੇਡਾ ਤੀਜੇ ਸਥਾਨ ਰਿਹਾ, ਜਿਸ ਨੂੰ ਕਾਂਸੀ ਦਾ ਤਗ਼ਮਾ ਮਿਲਿਆ। ਰੂਸ ਦੇ ਸੋਚੀ ਵਿੱਚ ਕੈਨੇਡਾ ਨੇ ਸੋਨ ਤਗ਼ਮਾ ਜਿੱਤਿਆ ਸੀ।

ਦੱਖਣੀ ਕੋਰੀਆ ਨੇ ਕਰਲਿੰਗ ਵਿੱਚ ਚਾਂਦੀ ਜਿੱਤੀ
ਦੱਖਣੀ ਕੋਰੀਆ ਮਹਿਲਾ ਕਰਲਿੰਗ ਮੁਕਾਬਲੇ ਦੌਰਾਨ ਅੱਜ ਇੱਥੇ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਿਆ ਅਤੇ ਫਾਈਨਲ ਵਿੱਚ ਸਵੀਡਨ ਹੱਥੋਂ 8-3 ਦੀ ਹਾਰ ਕਾਰਨ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਕਪਤਾਨ ਅੰਨਾ ਹਾਸੇਲਬੋਰਡ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਵੀਡਨ ਨੇ ‘ਗਾਰਲਿਕ ਗਰਲਜ਼’ ਦੇ ਨਾਮ ਨਾਲ ਮਸ਼ਹੂਰ ਮੇਜ਼ਬਾਨ ਦੇਸ਼ ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ। ਸਵੀਡਨ ਦੀ ਟੀਮ ਵਿੱਚ ਸਾਰਾ ਮੈਕਮਾਨੁਸ, ਆਗਨੇਸ ਨੋਚੇਨਹਾਇਰ, ਸੋਫੀਆ ਮੈਬਗਰਜ਼ ਅਤੇ ਮਾਰੀਆ ਪ੍ਰਿਟਜ਼ ਸ਼ਾਮਲ ਸਨ। ਪਿਛਲੇ ਚਾਰ ਵਾਰ ਤੋਂ ਫਾਈਨਲ ਵਿੱਚ ਪਹੁੰਚ ਰਹੀ ਸਵੀਡਨ ਟੀਮ ਦਾ ਇਹ ਤੀਜਾ ਓਲੰਪਿਕ ਸੋਨ ਤਗ਼ਮਾ ਹੈ। ਇਸ ਤੋਂ ਪਹਿਲਾਂ ਟੀਮ ਨੇ ਟਿਉਰਿਨ ਵਿੱਚ 2006 ਅਤੇ ਵੈਨਕੂਵਰ ਵਿੱਚ 2010 ਦੌਰਾਨ ਸੋਨ ਤਗ਼ਮਾ ਜਿੱਤਿਆ ਸੀ ਜਦਕਿ 2014 ਵਿੱਚ ਸੋਚੀ ਵਿੱਚ ਟੀਮ ਦੂਜੇ ਸਥਾਨ ’ਤੇ ਰਹੀ। ਕੋਰਿਆਈ ਟੀਮ ਲਈ ਹਾਲਾਂਕਿ ਚਾਂਦੀ ਦੇ ਤਗ਼ਮੇ ਤਕ ਦਾ ਸਫ਼ਰ ਸ਼ਾਨਦਾਰ ਰਿਹਾ ਅਤੇ ਅੱਠਵੇਂ ਨੰਬਰ ਦੀ ਟੀਮ ਕਪਤਾਨ ਕਿਮ ਯੁਨ ਜੁੰਗ ਦੀ ਅਗਵਾਈ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫਲ ਰਹੀ। ਕੋਰੀਆ ਦਾ ਇਹ ਪਹਿਲਾ ਓਲੰਪਿਕ ਕਰਲਿੰਗ ਤਗ਼ਮਾ ਹੈ ਅਤੇ ਹਾਰ ਤੋਂ ਬਾਅਦ ਮੇਜ਼ਬਾਨ ਦੇਸ਼ ਦੇ ਖਿਡਾਰੀਆਂ ਨੂੰ ਰੋਂਦੇ ਹੋਏ ਵੇਖਿਆ ਗਿਆ।