ਚੰਡੀਗੜ੍ਹ, 12 ਜੁਲਾਈ,ਪੰਜਾਬ ਕ੍ਰਾਈਮ ਬਰਾਂਚ ਨੇ ਮੋਗਾ ਦੇ ਸਾਬਕਾ ਐਸਐਸਪੀ ਕਮਲਜੀਤ ਢਿੱਲੋਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਪਰ ਪੰਜਾਬ ਸਰਕਾਰ ਨੇ ਇਸ ’ਤੇ ਕਾਰਵਾਈ ਨਹੀਂ ਕੀਤੀ। ਸਰਕਾਰ ਨੇ ਉਲਟਾ ਉਨ੍ਹਾਂ ਨੂੰ ਨਸ਼ਿਆਂ ਦੇ ਮਾਮਲੇ ’ਚ ਦਾਗ਼ੀ ਐਸਐਸਪੀ ਰਾਜਜੀਤ ਸਿੰਘ ਦੀ ਥਾਂ ਮੋਗਾ ਦਾ ਜ਼ਿਲ੍ਹਾ ਪੁਲੀਸ ਮੁਖੀ ਨਿਯੁਕਤ ਕਰ ਦਿੱਤਾ।
ਇਸ ਪੱਤਰਕਾਰ ਨੂੰ ਮਿਲੀ ਜਾਂਚ ਰਿਪੋਰਟ ਵਿੱਚ ਸ੍ਰੀ ਢਿੱਲੋਂ ਤੇ ਤਿੰਨ ਹੋਰ ਪੁਲੀਸ ਅਧਿਕਾਰੀਆਂ- ਏਐਸਆਈ ਜਰਨੈਲ ਸਿੰਘ, ਸਬ ਇੰਸਪੈਕਟਰ ਅਮਰਜੀਤ ਸਿੰਘ ਤੇ ਹੌਲਦਾਰ ਜਸਵੀਰ ਸਿਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਿਪੋਰਟ ਵਿੱਚ ਸ੍ਰੀ ਢਿੱਲੋਂ ਉਤੇ ਦੂਜੇ ਤਿੰਨਾਂ ਪੁਲੀਸ ਅਧਿਕਾਰੀਆਂ ਨੂੰ 40 ਲੱਖ ਰੁਪਏ ਰਿਸ਼ਵਤ ਲੈ ਕੇ ਉਨ੍ਹਾਂ ਖ਼ਿਲਾਫ਼ ਨਸ਼ਿਆਂ ਦੀ ਸਮਗਲਿੰਗ ਦਾ ਕੇਸ ਰਫ਼ਾ-ਦਫ਼ਾ ਕਰ ਦੇਣ ਦੇ ਦੋਸ਼ ਲਾਏ ਗਏ ਹਨ। ਤਿੰਨਾਂ ਪੁਲੀਸ ਅਧਿਕਾਰੀਆਂ ਉਤੇ ਭੁੱਕੀ ਦੀ ਸਮਗਲਿੰਗ ਦੇ ਦੋਸ਼ ਸਨ ਤੇ ਰਿਪੋਰਟ ਮੁਤਾਬਕ ਸ੍ਰੀ ਢਿੱਲੋਂ ਨੇ ਉਨ੍ਹਾਂ ਖ਼ਿਲਾਫ਼ ਦਰਜ ਐਫ਼ਆਈਆਰ ਰੱਦ ਕਰ ਦਿੱਤੀ ਸੀ। ਰਿਪੋਰਟ ਵਿੱਚ ਸ੍ਰੀ ਢਿੱਲੋਂ ਤੇ ਹੋਰ ਪੁਲੀਸ ਅਫ਼ਸਰਾਂ ਦੀਆਂ ਆਪਸੀ ਤੇ ਕੁਝ ਸਮਗਲਰਾਂ ਨਾਲ ਫੋਨ ਕਾਲਾਂ ਦੇ ਵੇਰਵੇ ਵੀ ਸ਼ਾਮਲ ਹਨ।
ਪੁਲੀਸ ਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਾਂਚ ਰਿਪੋਰਟ ਉਤੇ ਕਾਰਵਾਈ ਮੁੱਖ ਮੰਤਰੀ ਦੀ ਮਨਜ਼ੂਰੀ ਦੀ ਉਡੀਕ ਵਿੱਚ ਸੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਸ੍ਰੀ ਢਿੱਲੋਂ ਖ਼ਿਲਾਫ਼ ਮੁਕੱਦਮਾ ਚਲਾਉਣ ਤੋਂ ਪਹਿਲਾਂ ਰਸਮੀ ਮਨਜ਼ੂਰੀ ਜ਼ਰੂਰੀ ਸੀ।’’ ਸੂਤਰਾਂ ਮੁਤਾਬਕ ਮੁੱਖ ਮੰਤਰੀ ਉਤੇ ਸ੍ਰੀ ਢਿੱਲੋਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਲਈ ਸਿਆਸੀ ਦਬਾਅ ਸੀ। ਇਸ ਸਬੰਧੀ ਪੱਖ ਜਾਨਣ ਲਈ ਕੀਤੀਆਂ ਕਾਲਾਂ ਤੇ ਭੇਜੇ ਗਏ ਸੁਨੇਹਿਆਂ ਦਾ ਸ੍ਰੀ ਢਿੱਲੋਂ ਨੇ ਕੋਈ ਜਵਾਬ ਨਹੀਂ ਦਿੱਤਾ। ਜਾਂਚ ਰਿਪੋਰਟ ਮੁਤਾਬਕ ਉਨ੍ਹਾਂ ਫੋਨ ਕਾਲਾਂ ਦੀ ਪੁਸ਼ਟੀ ਲਈ ਫਾਰੈਂਸਿਕ ਜਾਂਚ ਵਾਸਤੇ ਆਪਣੀ ਆਵਾਜ਼ ਦੇ ਨਮੂਨੇ ਦੇਣ ਤੋਂ ਵੀ ਨਾਂਹ ਕਰ ਦਿੱਤੀ ਸੀ। ‘ਟ੍ਰਿਬਿਊਨ’ ਨੂੰ ਪਹਿਲਾਂ ਦਿੱਤੇ ਬਿਆਨ ਵਿੱਚ ਸ੍ਰੀ ਢਿੱਲੋਂ ਨੇ ਖ਼ੁਦ ਨੂੰ ‘ਵਿਭਾਗੀ ਸਿਆਸਤ’ ਦਾ ਸ਼ਿਕਾਰ ਦੱਸਿਆ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਐਫ਼ਆਈਆਰ ਰੱਦ ਕਰਨ ਦੀ ਰਿਪੋਰਟ ਫਰਵਰੀ 2015 ਵਿੱਚ ਦਾਖ਼ਲ ਹੋਈ ਸੀ ਤੇ ਉਨ੍ਹਾਂ ਦਾ ਅਪਰੈਲ 2014 ਵਿੱਚ ਹੀ ਤਬਾਦਲਾ ਹੋ ਗਿਆ ਸੀ।
ਇਹ ਮਾਮਲਾ ਬੀਤੇ ਜੂਨ ਵਿੱਚ ਉਦੋਂ ਸਾਹਮਣੇ ਆਇਆ ਜਦੋਂ ਆਈਜੀ ਬਠਿੰਡਾ ਨੇ ਸ੍ਰੀ ਢਿੱਲੋਂ ਖ਼ਿਲਾਫ਼ ਕ੍ਰਾਈਮ ਬ੍ਰਰਾਂਚ ਰਾਹੀਂ ਜਾਂਚ ਦੇ ਹੁਕਮ ਦਿੱਤੇ। ਰਿਪੋਰਟ ਮੁਤਾਬਕ ਦੋ ਗਵਾਹ- ਐਸਪੀ (ਟਰੈਫਿਕ) ਗੁਰਮੀਤ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ ਆਪਣੇ ਬਿਆਨਾਂ ’ਤੇ ਅਦਾਲਤ ਵਿੱਚ ਵੀ ਕਾਇਮ ਰਹੇ ਕਿ ਪੁਲੀਸ ਨੇ ਤਿੰਨੇ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਛੱਡ ਦਿੱਤਾ ਸੀ। ਰਿਪੋਰਟ ਮੁਤਾਬਕ ਦੋ ਡੀਆਈਜੀਜ਼- ਰਣਬੀਰ ਸਿੰਘ ਖੱਟੜਾ ਤੇ ਡਾ. ਸੁਖਚੈਨ ਸਿੰਘ ਗਿੱਲ ਨੇ ਵੀ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਮੁਲਜ਼ਮਾਂ ਨੂੰ ਸ਼ੱਕੀ ਢੰਗ ਨਾਲ ਛੱਡਿਆ ਗਿਆ ਸੀ। ਉਨ੍ਹਾਂ ਮੁਤਾਬਕ ਤਿੰਨਾਂ ਦੋਸ਼ੀਆਂ ਨੇ ਵੀ ਸ੍ਰੀ ਢਿੱਲੋਂ ਨੂੰ ਰਿਸ਼ਵਤ ਦੇਣ ਦੀ ਗੱਲ ਮੰਨੀ ਸੀ। ਉਹ ਤਿੰਨੇ ਉਦੋਂ ਨੱਥੂਵਾਲਾ ਪੁਲੀਸ ਚੌਕੀ ਵਿੱਚ ਤਾਇਨਾਤ ਸਨ। ਏਐਸਆਈ ਜਰਨੈਲ ਸਿੰਘ ਮੁਤਾਬਕ ਉਸ ਨੇ ਸ੍ਰੀ ਢਿੱਲੋਂ ਨੂੰ 40 ਲੱਖ ਰੁਪਏ ਦਿੱਤੇ ਸਨ, ਪਰ ਬਾਅਦ ਵਿੱਚ ਉਸ ਨੂੰ ਰਸੂਖ਼ਵਾਨਾਂ ਦੇ ਦਖ਼ਲ ਨਾਲ ਇਹ ਰਕਮ ਵਾਪਸ ਮਿਲ ਗਈ ਸੀ।