ਅਮਲੋਹ, 23 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਉਲਟਾ ਕਿਸਾਨਾਂ ਨੂੰ ਮੋਟਰਾਂ ਦੇ ਬਿਲ ਲਾਉਣ ਦੀ ਸਾਜ਼ਿਸ਼ ਤਹਿਤ ਗਰਿੱਡਾਂ ਉਤੇ ਮੀਟਰ ਲਾਉਣ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੀਟਰ ਲਾਉਣ ਦੀ ਆਗਿਆ ਨਾ ਦੇਣ ਕਿਉਂਕਿ ਅਜਿਹਾ ਕਰਨ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁਫਤ ਬਿਜਲੀ ਦੀ ਦਿੱਤੀ ਸਹੂਲਤ ਵਾਪਸ ਹੋ ਜਾਵੇਗੀ। ਉਨ੍ਹਾਂ ਇਸ ਮਕਸਦ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰਨ ਮੱਦਦ ਦਾ ਐਲਾਨ ਵੀ ਕੀਤਾ।
ਸ੍ਰੀ ਬਾਦਲ ਅੱਜ ਇੱਥੇ ਅਨਾਜ ਮੰਡੀ ਵਿੱਚ ਹਲਕਾ ਅਮਲੋਹ ਦੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਹੋਈ ‘ਪੋਲ ਖੋਲ੍ਹ’ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਚਿਤਾਵਨੀ ਦਿਤੀ ਕਿ ਸਰਕਾਰ ਦੇ ਹਰ ਲੋਕ ਵਿਰੋਧੀ ਫੈਸਲੇ ਦਾ ਡਟ ਦੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਮੌਜੂਦਾ ਸਰਕਾਰ ’ਤੇ ਪਿਛਲੀ ਸਰਕਾਰ ਸਮੇਂ ਕਿਸਾਨਾਂ, ਦਲਿਤਾਂ, ਵਿਦਿਆਰਥੀਆਂ ਨੂੰ ਮਿਲਦੀਆਂ ਸਹੂਲਤਾਂ ਵਾਪਸ ਲੈਣ, ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣ, ਖ਼ਜ਼ਾਨੇ ਉਪਰ ਅਣਐਲਾਨੀ ਪਾਬੰਦੀ ਲਾਉਣ ਅਤੇ ਪੈਨਸ਼ਨ, ਸ਼ਗਨ ਸਕੀਮ ਦੀ ਰਾਸ਼ੀ ਨਾ ਦੇਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਵਿੱਤੀ ਐਮਰਜੈਂਸੀ ਦਾ ਮਾਹੌਲ ਬਣ ਰਿਹਾ ਹੈ। ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਬਾਅਦ ਕਿਸਾਨ ਖੁਦਕੁਸ਼ੀਆਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਸਪੱਸ਼ਟ ਕਰਨ ਕਿ ਉਨ੍ਹਾਂ ਨੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਕੀ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਰੇਤੇ ਦੇ ਗੈਰਕਾਨੂੰਨੀ ਖਣਨ ਅਤੇ ਸ਼ਰਾਬ ਦੀ ਤਸਕਰੀ ਕਰਨ ਦੇ ਖੁੱਲ੍ਹੇ ਲਾਇਸੈਂਸ ਦਿੱਤੇ ਜਾ ਚੁੱਕੇ ਹਨ।
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 1984 ਦੇ ਕਤਲੇਆਮ ਨੂੰ ਸਿੱਖਾਂ ਦੀ ਨਸਲਕੁਸ਼ੀ ਐਲਾਨਣ ਵਾਲਾ ਮਤਾ ਪਾਸ ਕਰਨ ਲਈ ਕੈਨੇਡਾ ਦੀ ਓਂਟਾਰੀਓ ਵਿਧਾਨ ਸਭਾ ਨੂੰ ਵਧਾਈ ਦੇਣੀ ਚਾਹੀਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਕਰਨ ਦੀ ਥਾਂ ਕੈਪਟਨ ਨੇ ਪਾਰਟੀ ਅਤੇ ਗਾਂਧੀ ਪਰਿਵਾਰ ਨੂੰ ਕੌਮਾਂਤਰੀ ਪੱਧਰ ’ਤੇ ਬਦਨਾਮੀ ਤੋਂ ਬਚਾਉਣ ਲਈ ਕੈਨੇਡਾ ਦੇ ਗ੍ਰਹਿ ਮੰਤਰੀ ਨੂੰ ਹੀ ਅਤਿਵਾਦੀਆਂ ਦਾ ਹਮਦਰਦ ਕਹਿਣਾ ਸ਼ੁਰੂ ਕਰ ਦਿੱਤਾ ਪ੍ਰੰਤੂ ਹੁਣ ਉੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੰਤਰੀਆਂ ਦੀ ਫ਼ੇਰੀ ਦੌਰਾਨ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੇ ਸਵਾਗਤ ਦਾ ਫੈਸਲਾ ਲਿਆ ਗਿਆ ਤਾਂ ਉਨ੍ਹਾਂ (ਕੈਪਟਨ) ਨੇ ਵੀ ਮੁਲਾਕਾਤ ਕਰਨ ਲਈ ਸਮਾਂ ਮੰਗ ਲਿਆ।
ਸ੍ਰੀ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੇ ਵੀ ਪ੍ਰੋਜੈਕਟਾਂ ਦੇ ਉਦਘਾਟਨ ਹੋ ਰਹੇ ਹਨ, ਉਹ ਸਾਰੇ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਹਨ। ਉਨ੍ਹਾਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਥਾਨਿਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਿੰਦਾ ਕੀਤੀ।